ਆਖ਼ਰ, ਸਾਊਦੀ ਅਰਬ 'ਚ ਔਰਤਾਂ ਨੂੰ ਗੱਡੀ ਚਲਾਉਣ ਦੀ ਆਜ਼ਾਦੀ ਮਿਲੀ

ਖ਼ਬਰਾਂ, ਕੌਮਾਂਤਰੀ

ਰਿਆਦ/ਵਾਸ਼ਿੰਗਟਨ, 27 ਸਤੰਬਰ: ਸਾਊਦੀ ਅਰਬ ਨੇ ਅੱਜ ਕਿਹਾ ਕਿ ਉਹ ਔਰਤਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦੇਵੇਗਾ। ਇਸ ਫ਼ੈਸਲੇ ਨਾਲ ਔਰਤਾਂ ਪ੍ਰਤੀ ਰੂੜੀਵਾਦੀ ਸੋਚ ਰੱਖਣ ਵਾਲੇ ਇਸ ਦੇਸ਼ 'ਚ ਸਮਾਜਕ ਕਾਰਕੁਨਾਂ ਵਿਚਕਾਰ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਸਾਊਦੀ ਅਰਬ ਅਜਿਹਾ ਕਰਨ ਵਾਲਾ ਦੁਨੀਆਂ ਦਾ ਆਖ਼ਰੀ ਦੇਸ਼ ਹੈ।
ਔਰਤਾਂ ਵਲੋਂ ਗੱਡੀ ਚਲਾਉਣ ਉਤੇ ਲੰਮੇ ਸਮੇਂ ਤੋਂ ਲੱਗੀ ਪਾਬੰਦੀ ਨੂੰ ਇਸ ਖਾੜੀ ਦੇਸ਼ 'ਚ ਔਰਤਾਂ ਦੇ ਦਮਨ ਵਜੋਂ ਵੇਖਿਆ ਜਾਂਦਾ ਹੈ ਅਤੇ ਔਰਤ ਕਾਰਕੁਨਾਂ ਦੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਹ ਕਦਮ ਚੁਕਿਆ ਗਿਆ ਹੈ।
ਸ਼ਾਹ ਸਲਮਾਨ ਬਿਨ ਅਬਦੁਲਾਜੀਜ ਅਲ ਸੌਦ ਨੇ ਇਕ ਹੁਕਮ ਜਾਰੀ ਕਰ ਕੇ ਦੇਸ਼ 'ਚ ਔਰਤਾਂ ਲਈ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਇਜਾਜ਼ਤ ਦਿਤੀ ਅਤੇ ਇਹ ਹੁਕਮ ਜੂਨ 2018 ਤੋਂ ਲਾਗੂ ਹੋਵੇਗਾ। ਐਲਾਨ 'ਚ ਕਿਹਾ ਗਿਆ ਹੈ ਕਿ ਉਦੋਂ ਤਕ ਸਾਊਦੀ ਅਰਬ ਲਾਇਸੈਂਸ ਦੇਣ ਦੀ ਅਪਣੀ ਸਹੂਲਤ ਨੂੰ ਵਧਾਉਣ ਅਤੇ ਲੱਖਾਂ ਨਵੇਂ ਡਰਾਈਵਰਾਂ ਲਈ ਬੁਨਿਆਦੀ ਢਾਂਚਾ ਸਹੂਲਤਾਂ ਵਧਾਉਣ ਦੀ ਤਿਆਰੀ ਕਰੇਗਾ। ਸਾਊਦੀ ਅਰਬ ਦੇ ਇਸ ਫ਼ੈਸਲੇ ਦਾ ਦੇਸ਼ ਤੋਂ ਲੈ ਕੇ ਵਿਦੇਸ਼ 'ਚ ਕਾਫ਼ੀ ਸਵਾਗਤ ਕੀਤਾ ਜਾ ਰਿਹਾ ਹੈ। ਸਾਊਦੀ ਸ਼ੂਰਾ ਕੌਂਸਲ ਮੈਂਬਰ ਲਤਿਫ਼ਾ ਅਲਸ਼ਾਲਾਨ ਨੇ ਟਵੀਟ ਕਰ ਕੇ ਕਿਹਾ, ''ਇਕ ਸ਼ਾਨਦਾਰ ਦਿਨ।
ਮੈਂ ਅਪਣੇ ਹੰਝੂ ਨਹੀਂ ਰੋਕ ਸਕੀ। ਮੇਰੇ ਦੇਸ਼ ਦੀਆਂ ਔਰਤਾਂ ਨੂੰ ਵਧਾਈ।'' ਸਾਲ 2011 ਦੇ 'ਵੂਮੈਨ2ਡਰਾਈਵ' ਅੰਦੋਲਨ ਦੀ ਅਗਵਾਈ ਕਰਨ ਵਾਲੀ ਕਾਰਕੁਨ ਮਨਾਲ ਅਲ ਸ਼ਰੀਫ਼ ਨੇ ਕਿਹਾ 'ਅਸੀ ਕਰ ਵਿਖਾਇਆ।'
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ 'ਚ ਅੱਧੀ ਆਬਾਦੀ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦੀ ਤਾਰੀਫ਼ ਕਰਦਿਆਂ ਇਸ ਨੂੰ ਇਕ ਹਾਂ-ਪੱਖੀ ਕਦਮ ਦਸਿਆ। (ਪੀਟੀਆਈ)