ਅਮਰੀਕਾ 'ਚ ਆਇਆ ਤੂਫਾਨ, 7 ਦੀ ਮੌਤ ਅਤੇ 3000 ਉਡਾਣਾਂ ਰੱਦ

ਖ਼ਬਰਾਂ, ਕੌਮਾਂਤਰੀ

ਨਿਊਯਾਰਕ: ਅਮਰੀਕਾ ਦੇ ਉੱਤਰ-ਪੂਰਬ ਵਿੱਚ ਆਏ ਤੂਫਾਨ ਦੀ ਚਪੇਟ ਵਿੱਚ ਆਉਣ ਨਾਲ ਸ਼ਨੀਵਾਰ ਨੂੰ 7 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਸੱਤ ਲੱਖ ਤੋਂ ਵੀ ਵੱਧ ਲੋਕ ਪ੍ਰਭਾਵਿਤ ਹਨ। ਉੱਥੇ ਹਵਾ ਦੀ ਸਪੀਡ 113 ਕਿੱਲੋਮੀਟਰ ਪ੍ਰਤੀ ਘੰਟਾ ਚੱਲ ਰਹੀ ਹੈ। ਕਈ ਇਲਾਕਿਆਂ ਵਿੱਚ ਰੁੱਖ ਤੇ ਬਿਜਲੀ ਦੇ ਖੰਭੇ ਡਿੱਗ ਰਹੇ ਹਨ।ਤੂਫਾਨ ਦਾ ਅਸਰ ਫਲਾਈਟ ਤੇ ਟ੍ਰੇਨਾਂ ‘ਤੇ ਵੀ ਹੋ ਰਿਹਾ ਹੈ। 



ਇੱਥੇ ਕਰੀਬ 3 ਹਜ਼ਾਰ ਫਲਾਈਟਾਂ ਨੂੰ ਰੱਦ ਕਰਨਾ ਪਿਆ ਹੈ। ਪੂਰਬੀ ਇਲਾਕਿਆਂ ਵਿੱਚ ਟ੍ਰੇਨ ਵੀ ਬੰਦ ਕਰ ਦਿੱਤੀ ਗਈ ਹੈ। ਪ੍ਰੈਜ਼ੀਡੈਂਟ ਡੋਨਾਲਡ ਟ੍ਰੰਪ ਨੂੰ ਵੀ ਤੂਫਾਨ ਕਾਰਨ ਦੂਜੇ ਏਅਰਪੋਰਟ ਤੋਂ ਉਡਾਣ ਭਰਨੀ ਪਈ। ਅਗਲੇ ਤਿੰਨ ਦਿਨ ਤੂਫਾਨ ਹੋਰ ਤੇਜ਼ ਹੋਣ ਦੀ ਉਮੀਦ ਹੈ।



ਅਮਰੀਕੀ ਮੀਡੀਆ ਮੁਤਾਬਕ ਕਈ ਇਲਾਕਿਆਂ ਵਿੱਚ ਹਵਾਵਾਂ ਇੰਨੀਆਂ ਤੇਜ਼ ਹਨ ਕਿ ਰੁੱਖ ਟੁੱਟ ਰਹੇ ਹਨ। ਬਿਜਲੀ ਦੇ ਖੰਭੇ ਡਿੱਗਣ ਨਾਲ 90 ਹਜ਼ਾਰ ਤੋਂ ਜ਼ਿਆਦਾ ਘਰਾਂ ਵਿੱਚ ਪਾਵਰ ਸਪਲਾਈ ਬੰਦ ਹੋ ਗਈ। ਇੱਥੇ 7 ਲੱਖ ਤੋਂ ਜ਼ਿਆਦਾ ਲੋਕ ਬੁਨਿਆਦੀ ਚੀਜ਼ਾਂ ਲਈ ਤੰਗ ਹਨ। ਬੌਸਟਨ ਸਣੇ ਕਈ ਇਲਾਕਿਆਂ ਵਿੱਚ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।ਪੁਲਿਸ ਮੁਤਾਬਕ ਤੂਫਾਨ ਕਾਰਨ ਰੁੱਖ ਡਿੱਗੇ ਤੇ ਬਿਜਲੀ ਦੇ ਖੰਭਿਆਂ ਥੱਲੇ ਆਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ 11 ਸਾਲ ਦਾ ਮੁੰਡਾ ਵੀ ਸ਼ਾਮਲ ਹੈ।