ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਕਾਰਨ ਹਾਲਾਤ ਵਿਗੜੇ

ਖ਼ਬਰਾਂ, ਕੌਮਾਂਤਰੀ

ਨਿਊਯਾਰਕ, 8 ਮਾਰਚ : ਅਮਰੀਕਾ ਦੇ ਪੂਰਬੀ ਤਟ 'ਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰ ਬੁਧਵਾਰ ਨੂੰ ਬਰਫ਼ੀਲੇ ਤੂਫ਼ਾਨ ਨੇ ਦਸਤਕ ਦਿਤੀ, ਜਿਸ ਕਾਰਨ 2600 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ। ਸਿਰਫ਼ ਨਿਊਯਾਰਕ 'ਚ ਹੀ 1900 ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਇਸ ਇਲਾਕੇ 'ਚ ਪਿਛਲੇ ਹਫ਼ਤੇ ਵੀ ਬਰਫ਼ੀਲਾ ਤੂਫ਼ਾਨ ਆਇਆ ਸੀ। ਉਦੋਂ 5000 ਤੋਂ ਵੱਧ ਉਡਾਨਾਂ ਰੱਦ ਕਰ ਦਿਤੀਆਂ ਗਈਆਂ ਸਨ।ਫ਼ਿਲਾਡੇਲਫ਼ਿਆ ਤੋਂ ਨਿਊਯਾਰਕ ਤਕ ਬਿਜਲੀ ਸਪਲਾਈ ਬੰਦ ਹੋ ਗਈ ਹੈ। ਇਸ ਕਾਰਨ ਲਗਭਗ 5 ਕਰੋੜ ਲੋਕ ਪ੍ਰਭਾਵਤ ਹੋਏ ਹਨ। ਇਹ ਲੋਕ ਪਿਛਲੇ ਇਕ ਹਫ਼ਤੇ ਤੋਂ ਬਰਫ਼ੀਲੇ ਤੂਫ਼ਾਨ ਦੀ ਮਾਰ ਝੱਲ ਰਹੇ ਹਨ। ਪ੍ਰਸ਼ਾਸਨਕ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਨੈਸ਼ਨਲ ਵੈਦਰ ਸਰਵਿਸ ਨੇ ਫ਼ਿਲਾਡੇਲਫ਼ਿਆ ਖ਼ਾਸ ਤੌਰ 'ਤੇ ਨਿਊ ਇੰਗਲੈਂਡ ਇਲਾਕੇ ਵਿਚ ਵੀਰਵਾਰ ਨੂੰ ਵੀ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਸੀ।