ਅਮਰੀਕਾ 'ਚ 'ਹਾਰਵੇ' ਤੂਫ਼ਾਨ ਕਾਰਨ 9 ਮੌਤਾਂ

ਖ਼ਬਰਾਂ, ਕੌਮਾਂਤਰੀ




ਟੈਕਸਾਸ, 29 ਅਗੱਸਤ : ਅਮਰੀਕਾ 'ਚ 'ਹਾਰਵੇ' ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਇਹ ਪਿਛਲੇ 12 ਸਾਲਾਂ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੈ। ਟੈਕਸਾਸ ਅਤੇ ਹਿਊਸਟਨ 'ਚ ਜ਼ਬਰਦਸਤ ਮੀਂਹ ਪਿਆ। ਸੜਕਾਂ 'ਤੇ ਕਿਸ਼ਤੀਆਂ ਚਲ ਰਹੀਆਂ ਹਨ। ਸੈਂਕੜੇ ਇਮਾਰਤਾਂ ਢਹਿ ਗਈਆਂ। ਦੋ ਲੱਖ ਘਰਾਂ ਦੀ ਬਿਜਲੀ ਸਪਲਾਈ ਬੰਦ ਪਈ ਹੈ। ਹਜ਼ਾਰਾਂ ਲੋਕ ਛੱਤਾਂ 'ਤੇ ਰਾਤ ਬਿਤਾ ਰਹੇ ਹਨ। ਹਿਊਸਟਨ 'ਚ ਮ੍ਰਿਤਕਾਂ ਦੀ ਗਿਣਤੀ 9 ਤਕ ਪਹੁੰਚ ਗਈ ਹੈ। ਇਨ੍ਹਾਂ 'ਚੋਂ 6 ਜਣੇ ਇਕੋ ਪਰਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ 'ਚ ਟੈਕਸਾਸ ਸ਼ਹਿਰ ਵਿਚ 11 ਟ੍ਰਿਲੀਅਨ ਗੈਲਨ (41 ਲੱਖ ਕਰੋੜ ਲਿਟਰ) ਪਾਣੀ ਮੀਂਹ ਦੇ ਰੂਪ ਵਿਚ ਵਰ੍ਹਿਆ ਹੈ। ਇਹ ਉਨਾਂ ਹੀ ਪਾਣੀ ਹੈ ਜਿੰਨਾ ਕੈਲੇਫ਼ੋਰਨੀਆ ਵਿਚ 2015 ਵਿਚ ਆਏ ਸਦੀ ਦੇ ਸਭ ਤੋਂ ਵੱਡੇ ਸੋਕੇ ਨੂੰ ਖ਼ਤਮ ਕਰਨ ਲਈ ਚਾਹੀਦਾ ਸੀ। 'ਹਾਰਵੇ' ਕਾਰਨ ਟੈਕਸਾਸ ਅਤੇ ਹਿਊਸਟਨ ਦਾ ਸੰਪਰਕ ਦੂਜੇ ਸ਼ਹਿਰਾਂ ਨਾਲੋਂ ਕਟਿਆ ਗਿਆ ਹੈ। 1000 ਉਡਾਨਾਂ ਰੱਦ ਕੀਤੀਆਂ ਗਈਆਂ ਹਨ ਅਤੇ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਿਊਸਟਨ ਸ਼ਹਿਰ ਦੇ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਲਗਭਗ 30 ਹਜ਼ਾਰ ਅਸਥਾਈ ਸ਼ੈਲਟਰਾਂ ਦੀ ਲੋੜ ਹੈ।
'ਹਾਰਵੇ' ਤੂਫ਼ਾਨ ਦੀ ਤੁਲਨਾ 2500 ਨਿਊਕਲੀਅਰ ਰਿਐਕਟਰ ਵਿਚੋਂ ਨਿਕਲਣ ਵਾਲੀ ਊਰਜਾ ਨਾਲ ਕੀਤੀ ਜਾ ਸਕਦੀ ਹੈ। ਅਮਰੀਕੀ ਮੀਡੀਆ ਨੇ ਇਸ ਨੂੰ ਵਿਨਾਸ਼ਕਾਰੀ ਦਸਿਆ ਹੈ। ਇਸ ਨੇ 2005 ਵਿਚ ਆਏ 'ਕੈਟਰੀਨਾ' ਤੂਫ਼ਾਨ ਜਿੰਨੀ ਤਬਾਹੀ ਮਚਾਈ ਹੈ। ਹਾਲਾਂਕਿ 'ਕੈਟਰੀਨਾ' ਨਾਲ 1800 ਮੌਤਾਂ ਹੋਈਆਂ ਸਨ। ਟੈਕਸਾਸ ਅਤੇ ਹਿਊਸਟਨ ਵਿਚ ਕੁਝ ਥਾਵਾਂ 'ਤੇ 50 ਇੰਚ ਤਕ ਮੀਂਹ ਪਿਆ ਹੈ । ਔਸਤਨ ਹੁਣ ਤਕ 30 ਇੰਚ ਮੀਂਹ ਹੋ ਚੁੱਕਾ ਹੈ। (ਪੀਟੀਆਈ)