ਟੈਕਸਾਸ, 28 ਅਗੱਸਤ :
ਅਮਰੀਕਾ 'ਚ 'ਹਾਰਵੇ' ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਦੇਸ਼ ਦੇ ਚੌਥੇ ਸੱਭ ਤੋਂ ਵੱਡੇ
ਸ਼ਹਿਰ ਹਿਊਸਟਨ 'ਚ ਲਗਾਤਾਰ ਮੀਂਹ ਪੈ ਰਿਹਾ ਹੈ। ਤਟੀ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲ
ਰਹੀਆਂ ਹਨ। ਰੋਕਪੋਰਟ ਅਤੇ ਹਿਊਸਟਨ 'ਚ ਪੰਜ ਲੋਕਾਂ ਦੀ ਮੌਤ ਹੋ ਚੁਕੀ ਹੈ। 14 ਲੋਕ ਜ਼ਖ਼ਮੀ
ਹਨ। ਕਈ ਇਮਾਰਤਾਂ ਡਿੱਗ ਗਈਆਂ। ਸੈਂਕੜੇ ਦਰੱਖ਼ਤ ਉਖੜ ਗਏ ਅਤੇ ਬਿਜਲੀ ਦੇ ਖੰਭੇ ਟੁੱਟ
ਗਏ।
'ਹਾਰਵੇ' ਟੈਕਸਾਸ ਨਾਲ ਪਿਛਲੇ 50 ਸਾਲਾਂ 'ਚ ਟਕਰਾਉਣ ਵਾਲਾ ਸੱਭ ਤੋਂ ਭਿਆਨਕ
ਤੂਫ਼ਾਨ ਹਨ। ਇਸ ਦੌਰਾਨ ਇਥੇ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ
ਚਲੀਆਂ। ਹਿਊਸਟਨ ਦੇ ਹੋਬੀ ਹਵਾਈ ਅੱਡੇ 'ਚ ਪਾਣੀ ਜਮਾਂ ਹੋਣ ਕਾਰਨ ਇਸ ਨੂੰ ਬੰਦ ਕਰ ਦਿਤਾ
ਗਿਆ ਹੈ। ਕਈ ਉਡਾਨਾਂ ਰੱਦ ਕਰ ਦਿਤੀਆਂ ਗਈਆਂ। ਮਿਆਸੀ ਸਥਿਤ ਮੌਸਮ ਵਿਭਾਗ ਨੇ ਭਿਆਨਕ
ਹੜ੍ਹ ਦੀ ਚਿਤਾਵਨੀ ਦਿਤੀ ਹੈ। 1961 ਤੋਂ ਬਾਅਦ ਅਮਰੀਕਾ 'ਚ ਆਇਆ ਇਹ ਸੱਭ ਤੋਂ ਤਾਕਤਵਰ
ਤੂਫ਼ਾਨ ਹੈ।
ਟੈਕਸਾਸ ਅਮਰੀਕਾ ਦੇ ਤੇਲ ਅਤੇ ਗੈਸ ਉਦਯੋਗ ਦਾ ਕੇਂਦਰ ਹੈ। ਇਥੇ ਭਾਰਤੀ
ਭਾਈਚਾਰੇ ਦੇ ਲਗਭਗ 5 ਲੱਖ ਲੋਕ ਰਹਿੰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਆਈ.ਟੀ. ਕੰਪਨੀਆਂ
'ਚ ਕੰਮ ਕਰਦੇ ਹਨ। ਹਿਊਸਟਨ ਦੇ ਮੇਅਰ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ
ਕੀਤੀ ਹੈ। ਕੁਝ ਇਲਾਕਿਆਂ 'ਚ 100 ਸੈਂਟੀਮੀਟਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ। ਸੱਭ ਤੋਂ
ਵੱਧ ਨੁਕਸਾਨ ਤਟੀ ਖੇਤਰ ਰੋਕਪੋਰਟ 'ਚ ਹੋਇਆ, ਜਿਥੇ ਸੈਂਕੜੇ ਮਕਾਨ ਡਿੱਗ ਗਏ।
ਇਸ
ਹੜ੍ਹ ਕਾਰਨ ਮਚੀ ਤਬਾਹੀ ਸਬੰਧੀ ਟਵਿਟਰ 'ਤੇ ਸਥਾਨਕ ਮੀਡੀਆ ਨੇ ਇਕ ਹੈਰਾਨ ਕਰ ਦੇਣ ਵਾਲੀ
ਤਸਵੀਰ ਨੂੰ ਸਾਂਝਾ ਕੀਤਾ ਹੈ। ਇਸ ਵਿਚ ਕਮਰ ਤ ਭਰੇ ਪਾਣੀ ਵਿਚ ਬਜ਼ੁਰਗ ਲੋਕ ਅਪਣੇ ਘਰਾਂ
'ਚ ਬੈਠੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਦੀ ਸ਼ਹਿਰ
'ਚ ਲੋਕਾਂ ਦੇ ਬਚਾਅ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਨਾ ਲੈ ਕੇ ਜਾਣ ਕਾਰਨ
ਨਿਖੇਥੀ ਕੀਤੀ ਜਾ ਰਹੀ ਹੈ। ਮੇਅਰ ਨੇ ਲੋਕਾਂ ਦੇ ਬਚਾਅ ਲਈ ਕੋਈ ਫੈਸਲਾ ਨਹੀਂ ਲਿਆ,
ਕਿਉਂਕਿ ਚੱਕਰਵਾਤੀ ਤੂਫ਼ਾਨ ਨੇ ਬਹੁਤ ਹੀ ਤਬਾਹੀ ਮਚਾ ਦਿਤੀ ਸੀ। ਟਰਨਰ ਨੇ ਅਪਣੀ ਸਫ਼ਾਈ
ਵਿਚ ਕਿਹਾ ਕਿ 2.3 ਕਰੋੜ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਬਹੁਤ ਹੀ ਖ਼ਤਰਨਾਕ ਸੀ।
ਟਰਨਰ ਨੇ ਕਿਹਾ ਕਿ ਲੋਕਾਂ ਲਈ ਉਨ੍ਹਾਂ ਦੇ ਘਰਾਂ 'ਚ ਰਹਿਣ ਤੋਂ ਇਲਾਵਾ ਕੋਈ ਹੋਰ ਵਧੀਆ
ਥਾਂ ਨਹੀਂ ਸੀ। (ਪੀਟੀਆਈ)