ਅਮਰੀਕਾ 'ਚ ਪਹਿਲੀ ਸਿੱਖ ਮੇਅਰ ਪ੍ਰੀਤ ਦੀਬਾਲ ਨੇ ਚੁੱਕੀ ਸਹੁੰ

ਖ਼ਬਰਾਂ, ਕੌਮਾਂਤਰੀ

ਕੈਲੀਫੋਰਨੀਆ- ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਤੇ ਵਿਸ਼ਵ ਪੱਧਰ 'ਤੇ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾ ਸਿਟੀ ਨੂੰ ਇਕ ਮਾਣ ਉਸ ਵੇਲੇ ਹੋਰ ਮਿਲਿਆ ਜਦੋਂ ਪਹਿਲੀ ਸਿੱਖ ਔਰਤ ਪ੍ਰੀਤ ਦੀਬਾਲ ਨੂੰ ਅਮਰੀਕਾ ਵਿਚ ਮੇਅਰ ਵਜੋਂ ਸਹੁੰ ਚੁਕਾਈ ਗਈ । 

ਇਸ ਮੌਕੇ ਅਮਰੀਕਨ ਸਥਾਨਕ ਸਰਕਾਰਾਂ ਦੇ ਅਫਸਰ ਤੇ ਸਿਟੀ ਕਾਊਂਟੀ ਨਾਲ ਸਬੰਧਿਤ ਹੋਰ ਅਧਿਕਾਰੀਆਂ ਤੋਂ ਇਲਾਵਾ ਪੁਲਸ ਅਫਸਰ ਵੀ ਹਾਜ਼ਰ ਸਨ। ਸਥਾਨਕ ਸਿੱਖ ਭਾਈਚਾਰੇ ਦੇ ਆਗੂ ਪਰਿਵਾਰਕ ਮੈਂਬਰਾਂ ਤੇ ਦੋਸਤ-ਮਿੱਤਰਾਂ ਦੀ ਹਾਜ਼ਰੀ 'ਚ ਨਵੀਂ ਬਣੀ ਮੇਅਰ ਪ੍ਰੀਤ ਦੀਬਾਲ ਨੇ ਸਹੁੰ ਚੁੱਕੀ।


ਇਸ ਸਹੁੰ ਚੁੱਕ ਸਮਾਗਮ ਵਿਚ ਸਿੱਖ ਭਾਈਚਾਰੇ ਦੇ ਸਥਾਨਕ ਆਗੂਆਂ ਨੇ ਵੀ ਹਿੱਸਾ ਲਿਆ ਤੇ ਉਨ੍ਹਾਂ ਪ੍ਰੀਤ ਦੀਬਾਲ ਨੂੰ ਵਧਾਈਆਂ ਦਿੱਤੀਆਂ। ਸਮਾਗਮ ਦਾ ਆਗਾਜ਼ ਅਮਰੀਕਨ ਰਾਸ਼ਟਰੀ ਗੀਤ ਨਾਲ ਹੋਇਆ ਤੇ ਬਾਅਦ ਵਿਚ ਅਰਦਾਸ ਕੀਤੀ ਗਈ । ਇਸ ਦੌਰਾਨ ਕੌਂਸਲ ਮੈਂਬਰਾਂਂ ਨੇ ਮੇਅਰ ਲਈ ਸੁਪਰਵਾਈਜ਼ਰ ਤੇ ਕੌਂਸਲ ਮੈਂਬਰਾਂ ਨੇ ਮਤੇ ਰਾਹੀਂ ਮੇਅਰ ਦੇ ਨਾਂਅ ਦੀ ਤਾਈਦ ਕੀਤੀ। 

ਵਰਨਣਯੋਗ ਹੈ ਕਿ ਪ੍ਰੀਤ ਪਹਿਲਾਂ ਕੌਂਸਲ ਮੈਂਬਰ ਬਣੀ ਸੀ, ਤੇ ਹੁਣ ਉਸ ਨੂੰ ਸੀਨੀਆਰਟੀ ਦੇ ਆਧਾਰ 'ਤੇ ਮੇਅਰ ਨਾਮਜ਼ਦ ਕੀਤਾ ਗਿਆ। ਪ੍ਰੀਤ ਦੇ ਮੇਅਰ ਬਣਨ ਨਾਲ ਜਿਥੇ ਸਥਾਨਕ ਭਾਈਚਾਰਾ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ, ਉਥੇ ਹੁਣ ਸਥਾਨਕ ਪੰਜਾਬੀ ਭਾਈਚਾਰੇ ਨੂੰ ਸਥਾਨਕ ਸਰਕਾਰੀ ਦਫਤਰਾਂ ਵਿਚ ਮਾਣ ਮਿਲਣਾ ਸੁਭਾਵਕ ਹੋ ਗਿਆ ਹੈ।