ਵਾਸ਼ਿੰਗਟਨ : ਅਮਰੀਕਾ ਵਿਚ ਸਿੱਖਾਂ 'ਤੇ ਅਜੇ ਵੀ ਕਿਤੇ ਨਾ ਕਿਤੇ ਨਸਲੀ ਹਮਲੇ ਜਾਰੀ ਹਨ। ਅਮਰੀਕਾ ਦੇ ਕੇਂਟਕੀ ਵਿਚ ਇੱਕ ਨਕਾਬਪੋਸ਼ ਵਿਅਕਤੀ ਨੇ ਸਿੱਖ ਵਿਅਕਤੀ ਦੇ ਗੈਸ ਸਟੇਸ਼ਨ 'ਤੇ ਨਸਲੀ ਅਤੇ ਭੱਦੀ ਟਿੱਪਣੀਆਂ ਕਰਦੇ ਹੋਏ ਭੰਨਤੋੜ ਕੀਤੀ। ਗ੍ਰੀਨਅੱਪ ਕਾਊਂਟੀ ਸਥਿਤ ਸਟੇਸ਼ਨ 'ਤੇ ਇਹ ਹਮਲਾ ਪਿਛਲੇ ਹਫਤੇ ਕੀਤਾ ਗਿਆ ਸੀ। ਇਸ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਸਥਾਨਕ ਮੀਡੀਆ ਅਨੁਸਾਰ ਕਿ ਨਕਾਬਪੋਸ਼ ਵਿਅਕਤੀ ਨੇ ਉੱਥੇ ਸਪਰੇਅ ਨਾਲ ਕੁੱਝ ਇਤਰਾਜ਼ਯੋਗ ਸ਼ਬਦ ਲਿਖ ਦਿੱਤੇ। ਗੈਸ ਸਟੇਸ਼ਨ ਦੇ ਮਾਲਕ ਗੈਰੀ ਸਿੰਘ ਨੇ ਦੱਸਿਆ ਕਿ ਉਹ ਇਸ ਘਟਨਾ ਨਾਲ ਕਾਫ਼ੀ ਸਦਮੇ ਵਿਚ ਹੈ। ਕੇਂਟਕੀ ਸਟੇਟ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਜਾਂਚ ਦੌਰਾਨ ਦੇਖਿਆ ਕਿ ਸਟੋਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਇੱਕ ਨਾਕਾਬਪੋਸ਼ ਵਿਅਕਤੀ ਰਾਤ ਨੂੰ ਕਰੀਬ 11:30 ਵਜੇ ਸਟੋਰ 'ਤੇ ਆਉਂਦਾ ਨਜ਼ਰ ਆ ਰਿਹਾ ਹੈ।
ਉਸ ਨੇ ਕਿਹਾ ਕਿ ਮੈਂ ਇੱਥੋਂ ਦੇ ਭਾਈਚਾਰੇ ਨਾਲ ਕਦੇ ਕੁੱਝ ਗ਼ਲਤ ਨਹੀਂ ਕੀਤਾ।
ਇੱਕ ਖ਼ਬਰ ਮੁਤਾਬਕ ਉੱਥੇ ਕਈ ਹੋਰ ਅਸ਼ਲੀਲ ਪੱਤਰ ਵੀ ਮਿਲੇ ਹਨ, ਜਿਸ ਵਿਚ ਸਟੋਰ 'ਖਾਲੀ ਕਰਨ' ਦੀ ਧਮਕੀ ਦਿੱਤੀ ਗਈ ਹੈ। ਸਿੰਘ ਨੇ ਕਿਹਾ ਕਿ ਉਹ 1990 ਵਿਚ ਅਮਰੀਕਾ ਆਏ ਸਨ ਪਰ ਜੋ ਉਨ੍ਹਾਂ ਦੇ ਸਟੋਰ 'ਤੇ ਜੋ ਕੁਝ ਹੋਇਆ ਇਹ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੈ। ਕੇਂਟਕੀ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੋਸ਼ੀ ਵਿਰੁੱਧ ਨਫ਼ਰਤ ਅਪਰਾਧ ਦਾ ਮਾਮਲਾ ਚਲਾਉਣ ਲਈ ਉਸ ਨੇ ਕਾਊਂਟੀ ਇਸਤਗਾਸਾ ਪੱਖ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਹੈ।
ਗਾਹਕਾਂ ਨੂੰ ਉਮੀਦ ਹੈ ਕਿ ਇਸ ਘਟਨਾ ਦਾ ਉਨ੍ਹਾਂ ਦੇ ਭਾਈਚਾਰੇ 'ਤੇ ਕੋਈ ਅਸਰ ਨਹੀਂ ਪਏਗਾ। ਗੈਰੀ ਸਿੰਘ ਨਫ਼ਰਤ ਵਾਲੀਆਂ ਟਿੱਪਣੀਆਂ ਤੋਂ ਬਾਅਦ ਵੀ ਹਮਲਾਵਰ ਨੂੰ ਮੁਆਫ਼ ਕਰਨ ਲਈ ਤਿਆਰ ਹਨ ਅਤੇ ਨਾਲ ਹੀ ਉਨ੍ਹਾਂ ਨੇ ਦੁਬਾਰਾ ਅਜਿਹਾ ਨਾ ਹੋਣ ਦੀ ਉਮੀਦ ਜਤਾਈ ਹੈ।