ਅਮਰੀਕਾ ਦੇ ਸਿੱਖ ਵਿਸਾਖੀ ਨੂੰ ਰਾਸ਼ਟਰੀ ਦਿਵਸ ਬਣਾਉਣਗੇ

ਖ਼ਬਰਾਂ, ਕੌਮਾਂਤਰੀ

ਚੰਡੀਗੜ੍ਹ, 3 ਦਸੰਬਰ (ਜੀ.ਸੀ. ਭਾਰਦਵਾਜ) : ਪਿਛਲੇ 5-6 ਦਹਾਕਿਆਂ ਤੋਂ ਅਮਰੀਕਾ 'ਚ ਵਸੇ ਭਾਰਤੀਆਂ ਵਿਸ਼ੇਸ਼ ਕਰ ਕੇ ਪੰਜਾਬੀਆਂ ਦੀਆਂ ਸਮਾਜਕ ਤੇ ਆਰਥਕ ਮੁਸ਼ਕਲਾਂ ਨੂੰ ਹੱਲ ਕਰਨ ਤੋਂ ਇਲਾਵਾ ਮੌਜੂਦਾ ਹਾਲਾਤ 'ਚ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ 'ਚ ਲੱਗੇ ਵੱਡੇ ਅਦਾਰੇ ਸਿੱਖ ਸੈਂਟਰ ਸੀਆਟਲ ਦੇ ਬਾਨੀਆਂ 'ਚੋਂ ਇਕ ਪੰਜਾਬੀ ਦਾ ਕਹਿਣਾ ਹੈ ਕਿ ਜਦੋਂ ਤਕ ਅਸੀਂ ਵਿਦੇਸ਼ਾਂ 'ਚ ਸਿਰ ਉੱਚਾ ਕਰ ਕੇ ਹੌਸਲੇ ਨਾਲ ਜ਼ਿੰਦਗੀ ਬਸਰ ਨਹੀਂ ਕਰਦੇ ਓਨੀ ਦੇਰ ਇਸ ਜੀਵਨ ਦੀ ਕਦਰ ਨਹੀਂ ਪਵੇਗੀ।
ਪਿਛਲੇ 27 ਸਾਲਾਂ ਤੋਂ ਵਿਦੇਸ਼ 'ਚ ਵਸੇ ਹਰਜਿੰਦਰ ਸਿੰਘ ਸੰਧਾਵਾਲੀਆ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਕਿਵੇਂ ਸਿੱਖ ਸੈਂਟਰ ਦੇ 20 ਫ਼ਾਊਂਡਰ ਮੈਂਬਰ ਅਮਰੀਕਾ ਦੇ ਰਾਸ਼ਟਰਪਤੀਆਂ ਬਿਲ ਕਲਿੰਟਨ, ਬਰਾਕ ਉਬਾਮਾ ਤੇ ਹੁਣ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਗਵਰਨਰ, ਸੈਨੇਟਰਾਂ, ਸੰਸਦੀ ਮੈਂਬਰਾਂ ਜੇ. ਇੰਸਲੀ, ਰਿੱਕ ਲਾਰਸਨ ਅਤੇ ਸੂਜ਼ਨ ਡਲਬਾਨੀ ਰਾਹੀਂ ਅਮਰੀਕਾ ਦੀ ਸੈਨੇਟ 'ਚ ਬਿਲ ਲਿਆ ਕੇ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਖ਼ਾਲਸਾ ਪੰਥ ਦੀ ਪ੍ਰਤੀਕ ਵਿਸਾਖੀ ਤਿਉਹਾਰ ਨੂੰ ਉਥੇ ਫ਼ੈਡਰਲ ਦਿਵਸ ਦਾ ਦਰਜਾ ਦੁਆਉਣ 'ਚ ਲੱਗੇ ਰਹੇ। ਇਸ ਦਿਵਸ ਨੂੰ ਰਾਸ਼ਟਰੀ ਦਿਵਸ ਦਾ ਦਰਜਾ ਦੇਣ ਨਾਲ ਅਮਰੀਕਾ 'ਚ ਵਸੇ 25 ਲੱਖ ਭਾਰਤੀਆਂ ਵਿਸ਼ੇਸ਼ ਕਰ ਕੇ ਪੰਜਾਬੀਆਂ ਦੀ ਸਮਾਜਕ, ਰਾਜਨੀਤਕ ਤੇ ਨੈਤਿਕ ਫ਼ੀਲਡ ਤੋਂ ਇਲਾਵਾ ਧਾਰਮਕ ਖੇਤਰ 'ਚ ਵਖਰੀ ਪਛਾਣ ਤੇ ਇੱਜ਼ਤ ਮਾਣ ਵੱਧ ਜਾਣਗੇ।
ਸੰਧਾਵਾਲੀਆ, ਜੋ ਅੱਜ ਕਲ ਪੰਜਾਬ-ਚੰਡੀਗੜ੍ਹ ਆਏ ਹੋਏ ਹਨ, ਨੇ ਦਸਿਆ ਕਿ ਵਾਸ਼ਿੰਗਟਨ ਸੂਬੇ 'ਚ ਰਹਿ ਰਹੇ ਪੰਜਾਬੀਆਂ ਦੇ ਇਸ ਸਿੱਖ ਸੈਂਟਰ 'ਚ ਬੁਧਵਾਰ, ਸਨਿਚਰਵਾਰ ਤੇ ਐਤਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਜੁੜਦੀਆਂ ਹਨ, ਸੈਮੀਨਾਰ ਕਰਵਾਏ ਜਾਂਦੇ ਹਨ, ਗੁਰਬਾਣੀ ਬਾਰੇ ਵਿਚਾਰ ਕਰਨ ਤੋਂ ਇਲਾਵਾ ਉਥੋਂ ਦੇ ਲੋਕਾਂ 'ਚ ਜਾਗਰੂਕਤਾ ਲਿਆ ਕੇ ਸਿੱਖ ਸਿਧਾਂਤਾਂ ਪ੍ਰਤੀ ਗਿਆਨ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 17 ਸਾਲ ਪਹਿਲਾਂ ਦਹਿਸ਼ਤਗਰਦਾਂ ਵਲੋਂ ਕੀਤੇ ਕਾਂਡ ਦਾ ਧੱਬਾ ਧੋਣ ਲਈ ਅਤੇ ਏਸ਼ੀਅਨਾਂ ਪ੍ਰਤੀ ਫੈਲੀ ਨਫ਼ਰਤ ਨੂੰ ਘਟਾਉਣ ਲਈ ਥਾਉਂ ਥਾਈਂ ਜਾ ਕੇ ਮੀਡੀਆ, ਇਸ਼ਤਿਹਾਰਾਂ ਤੇ ਹੋਰ ਸਾਧਨਾਂ ਰਾਹੀਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਹ ਵੀ ਅਸੀਂ ਭਾਸ਼ਨਾਂ ਤੇ ਪ੍ਰਚਾਰ ਮਾਧਿਅਮ ਰਾਹੀਂ ਦੱਸਦੇ ਹਾਂ ਕਿ ਸਿੱਖ ਕੌਮ ਕੀ ਹੈ, ਕਿਥੋਂ ਆਈ, ਧਰਮ ਦਾ ਸਿਧਾਂਤ ਸਾਰਿਆਂ ਨੂੰ ਜੋੜਨਾ ਹੈ ਅਤੇ ਸਮਾਜਿਕ ਸੁਹਿਰਦਤਾ ਦਾ ਪਾਠ ਪੜ੍ਹਾਉਣਾ ਹੈ।
ਪਾਕਿਸਤਾਨ ਦੇ ਫ਼ੌਜੀ ਜਰਨੈਲ ਕਮਰ ਜਾਵੇਦ ਬਾਜਵਾ ਨੂੰ ਲਿਖੀ ਚਿੱਠੀ ਦਾ ਵੇਰਵਾ ਦਸਦੇ ਹੋਏ ਸੰਧਾਵਾਲੀਆ ਨੇ ਕਿਹਾ ਕਿ ਫ਼ੌਜੀ ਸ਼ਹੀਦਾਂ ਪ੍ਰਤੀ ਕੋਈ ਵੀ ਗ਼ਲਤ ਹਰਕਤ ਕਰਨਾ ਜਾਂ ਸ਼ਹੀਦ ਦੀ ਵਰਦੀ ਵਾਲੀ ਲਾਸ਼ ਨਾਲ ਛੇੜਖਾਨੀ ਕਰ ਕੇ, ਮਾਣ ਸਤਿਕਾਰ ਨਾਲ ਖਿਲਵਾੜ ਕਰਨਾ ਜੈਨੇਵਾ ਕਨਵੈਨਸ਼ਨ ਦੇ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਬਾਜਵਾ ਨੇ ਜਵਾਬ 'ਚ ਲਿਖਿਆ ਹੈ ਕਿ ਅੱਗੋਂ ਤੋਂ ਇਸ ਦਾ ਧਿਆਨ ਰਖਿਆ ਜਾਵੇਗਾ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵੇਈਂ ਪੁਈਂ 'ਚ ਜਨਮੇ ਅਤੇ ਚੰਡੀਗੜ੍ਹ ਦੇ ਡੀ.ਏ.ਵੀ. ਸਕੂਲ ਅਤੇ ਕਾਲਜ 'ਚ ਪੜ੍ਹੇ ਹਰਜਿੰਦਰ ਸਿੰਘ ਦਾ ਮੰਨਣਾ ਹੈ ਕਿ ਅਪਣਾ ਮੁਲਕ ਵੀ ਹੁਣ ਕੁਦਰਤ ਤੇ ਪੁਰਾਣੀ ਸਾਦੀ ਰਹਿਣ-ਸਹਿਣ ਦੀ ਜ਼ਿੰਦਗੀ ਤੋਂ ਦੂਰ ਜਾਈ ਜਾ ਰਿਹਾ ਹੈ, ਜਿਸ ਕਰ ਕੇ ਲੋਕਾਂ 'ਚ ਖ਼ੁਸ਼ੀ ਨਾਲ ਰਹਿਣ ਦਾ ਪੱਧਰ 156 ਦੇਸ਼ਾਂ 'ਚ ਕੀਤੇ ਸਰਵੇਖਣ ਮੁਤਾਬਕ ਸਿਰਫ਼ 122ਵਾਂ ਹੈ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਪੈਸੇ ਦੀ ਦੌੜ ਪਿੱਛੇ ਅਸੀਂ ਸਾਦਗੀ, ਨੈਤਿਕਤਾ, ਲੋਕ ਸੇਵਾ, ਸੱਚਾ ਸੁੱਚਾ ਸਾਦਾ ਜੀਵਨ ਭੁੱਲਦੇ ਜਾ ਰਹੇ ਹਾਂ।
ਸੰਧਾਵਾਲੀਆ ਖ਼ੁਦ ਸਰਦੀਆਂ ਦੇ ਕੁੱਝ ਦਿਨ ਉਥੇ ਕੱਟਣ ਲਈ ਧੁੱਪ ਸੇਕਣ ਅਤੇ ਪਿੰਡ ਦੀ ਸਾਦੀ ਜ਼ਿੰਦਗੀ ਜੀਉਣ ਲਈ ਹਰ ਸਾਲ ਪੰਜਾਬ ਤੇ ਚੰਡੀਗੜ੍ਹ ਦਾ ਗੇੜਾ ਕੱਢ ਜਾਂਦੇ ਹਨ। ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਸੰਧਾਵਾਲੀਆ ਨੇ ਸਪੱਸ਼ਟ ਕੀਤਾ ਕਿ ਮਿਹਨਤ ਕਰਨ ਦੇ ਨਾਲ-ਨਾਲ ਸੁਖੀ ਅਤੇ ਸਾਦਾ ਜੀਵਨ ਲਈ ਵੀ ਥੋੜਾ ਖਾਉ, ਵੰਡ ਕੇ ਛੱਕੋ ਅਤੇ ਬਾਬੇ ਨਾਨਕ ਦੀ ਸਿਖਿਆ 'ਤੇ ਚੱਲ ਕੇ ਨਾਮ ਜ਼ਰੂਰ ਜਪੋ।