ਅਮਰੀਕਾ ਦੇ ਟੈਕਸਾਸ 'ਚ ਮਚੀ ਤਬਾਹੀ ਮਗਰੋਂ ਰਾਹਤ ਤੇ ਪੁਨਰਵਾਸ ਦੇ ਕੰਮਾਂ 'ਚ ਭਾਰਤੀ-ਅਮਰੀਕੀਆਂ ਦੀ ਭੂਮਿਕਾ ਦੀ ਟੈਡ ਪੋਏ ਨੇ ਕੀਤੀ ਤਾਰੀਫ਼

ਖ਼ਬਰਾਂ, ਕੌਮਾਂਤਰੀ



ਹਿਊਸਟਨ, 29 ਸਤੰਬਰ : ਅਮਰੀਕਾ ਦੇ ਟੈਕਸਾਸ ਵਿਚ ਮਚੀ ਤਬਾਹੀ ਮਗਰੋਂ ਰਾਹਤ ਅਤੇ ਪੁਨਰਵਾਸ ਦੇ ਕੰਮਾਂ ਵਿਚ ਭਾਰਤੀ-ਅਮਰੀਕੀਆਂ ਦੀ ਭੂਮਿਕਾ ਦੀ ਅਮਰੀਕਾ ਦੇ ਸੀਨੀਅਰ ਸੰਸਦੀ ਮੈਂਬਰ ਨੇ ਤਾਰੀਫ਼ ਕੀਤੀ ਹੈ।

ਰਿਪਬਲੀਕਨ ਪਾਰਟੀ ਦੇ ਸੰਸਦੀ ਮੈਂਬਰ ਟੈਡ ਪੋਏ ਨੇ ਪ੍ਰਤੀਨਿਧੀ ਸਭਾ ਵਿਚ ਇਕ ਭਾਸ਼ਣ ਵਿਚ ਕਿਹਾ ਸੀ ਕਿ 'ਹਾਰਵੇ ਹੀਰੋਜ਼' ਦੀਆਂ ਕਹਾਣੀਆਂ ਲਗਾਤਾਰ ਲੋਕਾਂ ਨੂੰ ਜੋੜ ਰਹੀਆਂ ਹਨ ਅਤੇ ਸਾਨੂੰ ਸਾਡੇ ਗੁਆਂਢੀਆਂ ਦੇ ਪ੍ਰਤੀ ਸ਼ੁਕਰ ਗੁਜ਼ਾਰ ਬਣਾ ਰਹੀਆਂ ਹਨ। ਹਿਊਸਟਨ ਦਾ ਉਤਰੀ ਭਾਗ ਪੋਏ ਦੇ ਜ਼ਿਲ੍ਹੇ ਦਾ ਹਿੱਸਾ ਹੈ। ਸੰਸਦੀ ਮੈਂਬਰ ਨੇ ਇਸ ਭਿਆਨਕ ਤੂਫ਼ਾਨ ਦੀ ਤਬਾਹੀ ਮਗਰੋਂ ਅਪਣੇ ਘਰ, ਦਿਲ ਅਤੇ ਬਟੂਏ ਤਿੰਨਾਂ ਨਾਲ ਲੋਕਾਂ ਦੀ ਮਦਦ ਕਰਨ ਲਈ ਭਾਰਤੀ-ਅਮਰੀਕੀਆਂ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹੀਆਂ ਕਈ ਕਹਾਣੀਆਂ ਹਨ, ਜਿਨ੍ਹਾਂ ਵਿਚ ਲੋਕ ਅਪਣੀਆਂ ਨਿਜੀ ਕਿਸ਼ਤੀਆਂ ਵਿਚ ਨਿਕਲੇ ਅਤੇ ਲੋਕਾਂ ਨੂੰ ਬਚਾਉਣ ਲਈ ਸਮੁੰਦਰ ਤਕ ਗਏ। ਉਨ੍ਹਾਂ ਨੇ ਅਣਜਾਣ ਲੋਕਾਂ ਦੀ ਵੀ ਮਦਦ ਕੀਤੀ।

ਟੇਡ ਪੋਏ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਹੁਣ ਤਕ 16 ਲੱਖ ਅਰਬ ਡਾਲਰ ਦੀ ਮਦਦ ਰਾਸ਼ੀ ਦੇ ਚੁਕਿਆ ਹੈ। ਲਗਭਗ 700 ਭਾਰਤੀ-ਅਮਰੀਕੀਆਂ ਨੇ 24,000 ਤੋਂ ਜ਼ਿਆਦਾ ਮਕਾਨ ਅਪਣੇ ਸ਼ਹਿਰ ਦੇ ਲੋਕਾਂ ਨੂੰ ਰਹਿਣ ਲਈ ਦਿਤੇ ਹਨ। ਉਨ੍ਹਾਂ ਨੇ 20,000 ਤੋਂ ਜ਼ਿਆਦਾ ਲੋਕਾਂ ਨੂੰ ਖਾਧ ਸਮੱਗਰੀ ਵੰਡੀ ਹੈ।             (ਪੀ.ਟੀ.ਆਈ)