ਵਾਸ਼ਿੰਗਟਨ, 11 ਜਨਵਰੀ : ਅਮਰੀਕਾ ਨੇ ਅਪਣੇ ਨਾਗਰਿਕਾਂ ਲਈ ਬੁਧਵਾਰ ਨੂੰ ਨਵੀਂ ਯਾਤਰਾ ਚਿਤਾਵਨੀ ਜਾਰੀ ਕੀਤੀ ਹੈ, ਜਿਸ 'ਚ ਭਾਰਤ ਦਾ ਨਾਂ ਵੀ ਸ਼ਾਮਲ ਹੈ। ਭਾਰਤ ਨੂੰ ਦੂਜੇ ਅਤੇ ਪਾਕਿਸਤਾਨ ਨੂੰ ਤੀਜੇ ਨੰਬਰ 'ਤੇ ਰਖਿਆ ਗਿਆ ਹੈ, ਜਦਕਿ ਚੌਥੇ ਨੰਬਰ 'ਤੇ ਅਫ਼ਗ਼ਾਨਿਸਤਾਨ ਜਿਹੇ ਦੇਸ਼ ਹਨ।ਯਾਤਰਾ ਚਿਤਾਵਨੀ ਜਾਰੀ ਕਰਦਿਆਂ ਅਮਰੀਕਾ ਨੇ ਕਿਹਾ ਕਿ ਭਾਰਤ 'ਚ ਯਾਤਰਾ ਕਰਨ ਸਮੇਂ ਥੋੜੀ ਸਾਵਧਾਨੀ ਰਖਣੀ ਹੋਵੇਗੀ, ਜਦਕਿ ਪਾਕਿਸਤਾਨ ਜਾਣ ਬਾਰੇ ਦੁਬਾਰਾ ਸੋਚਣ ਦੀ ਸਲਾਹ ਦਿਤੀ ਗਈ ਹੈ। ਉਥੇ ਹੀ ਅਫ਼ਗ਼ਾਨਿਸਤਾਨ ਜਿਹੇ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿਤੀ ਗਈ ਹੈ। ਅਮਰੀਕੀ ਨਾਗਕਿਰਾਂ ਨੂੰ ਜੰਮੂ-ਕਸ਼ਮੀਰ ਦੀ ਯਾਤਰਾ ਨਾ ਕਰਨ ਬਾਰੇ ਵੀ ਕਿਹਾ ਗਿਆ ਹੈ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਹਰ ਦੇਸ਼ ਦੀ ਅਪਣੀ ਯਾਤਰਾ ਸਲਾਹ ਹੁੰਦੀ ਹੈ,
ਜੋ ਕਿ ਪੁਰਾਣੇ ਨਿਯਮਾਂ ਤੋਂ ਬਦਲੀ ਜਾਂਦੀ ਹੈ। ਇਸ ਤਰ੍ਹਾਂ ਦੇ ਬਦਲਾਵਾਂ ਨਾਲ ਅਮਰੀਕੀ ਨਾਗਰਿਕਾਂ ਨੂੰ ਦੁਨੀਆ ਭਰ ਦੇ ਦੇਸ਼ਾਂ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ।ਚਿਤਾਵਨੀ ਮੁਤਾਬਕ ਅਮਰੀਕੀ ਨਾਗਰਿਕਾਂ ਨੂੰ ਭਾਰਤ-ਪਾਕਿ ਸਰਹੱਦ ਦੇ 10 ਮੀਲ ਦੇ ਖੇਤਰ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਉਥੇ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਤਕਰਾਰਬਾਜ਼ੀ ਚਲ ਰਹੀ ਹੈ। ਅਮਰੀਕੀ ਨਾਗਕਿਰਾਂ ਨੂੰ ਕਿਹਾ ਗਿਆ ਕਿ ਉਹ ਪਾਕਿ ਮਕਬੂਜ਼ਾ ਕਸ਼ਮੀਰ 'ਚ ਨਾ ਜਾਣ, ਕਿਉਂਕਿ ਇਹ ਸੰਵੇਦਨਸ਼ੀਲ ਖੇਤਰ ਹੈ, ਜਿਥੇ ਆਮ ਤੌਰ 'ਤੇ ਗੋਲੀਬਾਰੀ ਹੁੰਦੀ ਰਹਿੰਦੀ ਹੈ। ਪਿਛਲੇ 6 ਮਹੀਨਿਆਂ 'ਚ ਪਾਕਿਸਤਾਨ 'ਚ 40 ਅਤਿਵਾਦੀ ਹਮਲੇ ਹੋਏ ਹਨ, ਜਿਸ 'ਚ 225 ਲੋਕਾਂ ਦੀ ਮੌਤ ਹੋਈ ਅਤੇ 475 ਜ਼ਖ਼ਮੀ ਹੋਏ ਹਨ।