ਅਮਰੀਕਾ ਨੇ ਪਾਕਿਸਤਾਨ ਨੂੰ 25.5 ਕਰੋੜ ਡਾਲਰ ਦੀ ਸ਼ਰਤੀਆ ਮਦਦ ਦਿਤੀ

ਖ਼ਬਰਾਂ, ਕੌਮਾਂਤਰੀ



ਵਾਸ਼ਿੰਗਟਨ, 31 ਅਗੱਸਤ : ਟਰੰਪ ਪ੍ਰਸ਼ਾਸਨ ਨੇ ਕਾਂਗਰਸ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਪਾਕਿਸਤਾਨ ਨੂੰ 25.5 ਕਰੋੜ ਡਾਲਰ ਦੀ ਸ਼ਰਤੀਆ ਫ਼ੌਜੀ ਮਦਦ ਦਿਤੀ ਹੈ ਪਰ ਇਸ ਮਦਦ ਦੀ ਵਰਤੋਂ ਉਹ ਉਦੋਂ ਕਰ ਸਕੇਗਾ ਜਦੋਂ ਉਹ ਅਤਿਵਾਦੀ ਸੰਗਠਨਾਂ ਵਿਰੁਧ ਹੋਰ ਕਾਰਵਾਈ ਕਰੇਗਾ।
ਇਸ ਐਲਾਨ ਦੇ ਹਫ਼ਤੇ ਭਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗ਼ਾਨਿਸਤਾਨ ਵਿਚ ਅਮਰੀਕੀਆਂ ਦੀ ਜਾਨ ਲੈਣ ਵਾਲੇ ਅਤਿਵਾਦੀ ਸਮੂਹਾਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣ ਲਈ ਪਾਕਿਸਤਾਨ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਦਿਤੀ ਸੀ ਕਿ ਅਤਿਵਾਦੀਆਂ ਨੂੰ ਪਾਲਣ ਦੇ ਬਦਲੇ ਉਸ ਨੂੰ ਬਹੁਤ ਕੁਝ ਗੁਆਉਣਾ ਪਵੇਗਾ।
ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਬੁਧਵਾਰ ਨੂੰ ਕਾਂਗਰਸ ਨੂੰ ਸੂਚਿਤ ਕੀਤਾ ਕਿ ਪਾਕਿਸਤਾਨ ਨੂੰ ਮਿਲਟਰੀ ਮਦਦ ਦੇ ਰੂਪ ਵਿਚ 25.5 ਕਰੋੜ ਡਾਲਰ ਉਹ ਇਕ ਏਸਕ੍ਰੋ ਖਾਤੇ ਵਿਚ ਰੱਖ ਰਿਹਾ ਹੈ, ਜਿਸ ਦੀ ਵਰਤੋਂ ਇਸਲਾਮਾਬਾਦ ਉਦੋਂ ਕਰ ਪਾਵੇਗਾ, ਜਦੋਂ ਉਹ ਅਪਣੇ ਉਥੇ ਮੌਜੂਦ ਅਤਿਵਾਦੀ ਨੈੱਟਵਰਕਾਂ 'ਤੇ ਹੋਰ ਕਾਰਵਾਈ ਕਰੇਗਾ। ਏਸਕ੍ਰੋ ਖਾਤਾ ਉਹ ਖਾਤਾ ਹੁੰਦਾ ਹੈ ਜਿਸ ਵਿਚ ਪੈਸਾ ਇਸ ਸ਼ਰਤ 'ਤੇ ਜਮਾਂ ਕਰਵਾਇਆ ਜਾਂਦਾ ਹੈ ਕਿ ਇਸ ਪੈਸੇ ਦੀ ਵਰਤੋਂ ਉਦੋਂ ਤਕ ਨਹੀਂ ਕੀਤੀ ਜਾ ਸਕੇਗੀ ਜਦੋਂ ਤਕ ਪਹਿਲਾਂ ਤੋਂ ਤੈਅ ਸ਼ਰਤਾਂ ਪੂਰੀਆਂ ਨਹੀਂ ਹੋ ਜਾਂਦੀਆਂ।
ਮਿਲਟਰੀ ਮਦਦ ਦੇਣ ਦਾ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਦੋਹਾਂ ਦੇਸ਼ਾਂ ਵਿਚ ਸਬੰਧ ਤਣਾਅਪੂਰਨ ਬਣੇ ਹੋਏ ਹਨ। ਪਾਕਿਸਤਾਨ ਨੇ ਸੀਨੀਅਰ ਅਮਰੀਕੀ ਅਧਿਕਾਰੀਆਂ ਨਾਲ ਘੱਟ ਤੋਂ ਘੱਟ ਤਿੰਨ ਹਾਈ ਪ੍ਰੋਫਾਈਲ ਬੈਠਕਾਂ ਰੱਦ ਕਰ ਦਿਤੀਆਂ ਸਨ। ਇਸ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਾਜਾ ਆਸਿਫ ਦਾ ਅਮਰੀਕੀ ਦੌਰਾ ਸੀ, ਜਿਸ ਵਿਚ ਉਹ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨਾਲ ਮੁਲਾਕਾਤ ਕਰਨ ਵਾਲੇ ਸਨ।
ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਪ੍ਰਸਤਾਵ ਪਾਸ ਕਰ ਦੋਸ਼ ਲਗਾਇਆ ਸੀ ਕਿ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਵਲੋਂ ਪਾਕਿਸਤਾਨ 'ਤੇ ਦਿਤੇ ਗਏ ਹਾਲ ਹੀ ਵਿਚ ਬਿਆਨ ਵਿਰੋਧੀ ਅਤੇ ਧਮਕਾਉਣ ਵਾਲੇ ਹਨ। ਹਾਲਾਂਕਿ ਅਮਰੀਕਾ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਉਹ ਚਾਹੁੰਦਾ ਹੈ ਕਿ ਪਾਕਿਸਤਾਨ ਅਤਿਵਾਦੀ ਸਮੂਹਾਂ ਵਿਰੁਧ ਕਾਰਵਾਈ ਕਰੇ। (ਪੀਟੀਆਈ)