ਵਾਸ਼ਿੰਗਟਨ, 24 ਫ਼ਰਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਵਿਰੁਧ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਟਰੰਪ ਨੇ ਉੱਤਰੀ ਕੋਰੀਆ ਦੀ ਸ਼ਿਪਿੰਗ ਇੰਡਸਟਰੀ ਅਤੇ ਟ੍ਰੇਡਿੰਗ ਕੰਪਨੀਆਂ 'ਤੇ ਕਈ ਪਾਬੰਦੀਆਂ ਲਗਾਉਣ ਦੀ ਘੋਸ਼ਣ ਕੀਤੀ।ਅਮਰੀਕੀ ਵਿੱਤ ਵਿਭਾਗ ਨੇ 28 ਸਮੁੰਦਰੀ ਜਹਾਜ਼ ਅਤੇ ਸ਼ਿਪਿੰਗ ਨਾਲ ਜੁੜੀਆਂ 27 ਕੰਪਨੀਆਂ 'ਤੇ ਪਾਬੰਦੀ ਲਗਾਉਣ ਦੀ ਘੋਸ਼ਣਾ ਕੀਤੀ ਹੈ। ਇਹ ਕੰਪਨੀਆਂ ਉੱਤਰੀ ਕੋਰੀਆ, ਚੀਨ ਅਤੇ ਸਿੰਗਾਪੁਰ ਰਜਿਸਟਰਡ ਹਨ। ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਤੋਂ ਦੂਰੀ ਬਣਾਉਣ ਦੀ ਕੌਮਾਂਤਰੀ ਪੱਧਰ 'ਤੇ ਚਿਤਾਵਨੀ ਦੇ ਬਾਵਜੂਦ ਉੱਤਰੀ ਕੋਰੀਆ ਦੇ ਇਨ੍ਹਾਂ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਕਾਰਨ ਅਮਰੀਕਾ ਨੇ ਉਸ ਵਿਰੁਧ ਇਹ ਵੱਡੀ ਘੋਸ਼ਣਾ ਕੀਤੀ ਹੈ।ਟਰੰਪ ਨੇ ਕਿਹਾ ਕਿ ਇਹ ਅਮਰੀਕਾ ਦੀ ਉੱਤਰੀ ਕੋਰੀਆ ਵਿਰੁਧ ਹੁਣ ਤਕ ਦੀ ਸਭ ਤੋਂ ਵੱਡੀ ਪਾਬੰਦੀ ਹੋਵੇਗੀ।
ਉਨ੍ਹਾਂ ਕਿਹਾ, ''ਅੱਜ ਮੈਂ ਉੱਤਰੀ ਕੋਰੀਆਈ ਸਾਸ਼ਨ ਵਿਰੁਧ ਨਵੀਆਂ ਅਤੇ ਹੁਣ ਤਕ ਦੀਆਂ ਸਭ ਤੋਂ ਵੱਡੀਆਂ ਪਾਬੰਦੀਆਂ ਦੀ ਘੋਸ਼ਣਾ ਕਰਦਾ ਹਾਂ ਅਤੇ ਅਮਰੀਕਾ ਦਾ ਵਿੱਤ ਵਿਭਾਗ ਛੇਤੀ ਹੀ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮਾਂ ਅਤੇ ਫ਼ੌਜੀ ਸ਼ਕਤੀ ਲਈ ਪੈਸਾ ਮੁਹੱਈਆ ਕਰਾਉਣ ਵਾਲੇ ਮਾਲੀਆ ਅਤੇ ਇੰਧਣ ਦੇ ਸਰੋਤ ਨੂੰ ਖ਼ਤਮ ਕਰਨ ਲਈ ਕਦਮ ਚੁੱਕੇਗਾ।ਉਨ੍ਹਾਂ ਕਿਹਾ ਕਿ ਸਾਡੀ ਇਸ ਘੋਸ਼ਣਾ ਦਾ ਉਦੇਸ਼ ਉੱਤਰੀ ਕੋਰੀਆ ਨੂੰ ਪਾਬੰਦੀਆਂ ਤੋਂ ਬਚਾਉਣ 'ਚ ਮਦਦ ਕਰਨ ਵਾਲੇ ਸਮੁੰਦਰੀ ਜਹਾਜ਼, ਟਰਾਂਸਪੋਰਟ ਕੰਪਨੀਆਂ ਅਤੇ ਵਪਾਰਕ ਕਾਰੋਬਾਰ 'ਤੇ ਨਿਸ਼ਾਨਾ ਵਿੰਨ੍ਹਣਾ ਹੈ। ਰਾਜਨੀਤਕ ਵਿਸ਼ਲੇਸ਼ਕਾਂ ਮੁਤਾਬਕ ਤਾਜ਼ਾ ਪਾਬੰਦੀਆਂ ਦੀ ਘੋਸ਼ਣਾ ਤੋਂ ਪਹਿਲਾਂ ਹੀ ਖ਼ਰਾਬ ਚੱਲ ਰਹੇ ਅਮਰੀਕਾ ਅਤੇ ਉੱਤਰੀ ਕੋਰੀਆਂ ਦੇ ਸਬੰਧਾਂ ਵਿਚ ਹੋਰ ਤਲਖੀ ਆ ਸਕਦੀ ਹੈ। ਇਸ ਤੋਂ ਇਲਾਵਾ ਸ਼ੀਤ ਉਲੰਪਿਕ ਖੇਡਾਂ ਦੇ ਬਹਾਨੇ ਦੋਵੇਂ ਕੋਰੀਆਈ ਦੇਸ਼ਾਂ ਵਿਚਕਾਰ ਬਣੀ ਨੇੜਤਾ 'ਤੇ ਵੀ ਇਸ ਦਾ ਅਸਰ ਹੋਵੇਗਾ। (ਪੀਟੀਆਈ)