ਅਮਰੀਕਾ ਨੇ ਉੱਤਰ ਕੋਰੀਆ ਉਪਰੋਂ ਬੰਬਾਰੀ ਕਰਨ ਵਾਲੇ ਜਹਾਜ਼ ਉਡਾਏ

ਖ਼ਬਰਾਂ, ਕੌਮਾਂਤਰੀ

ਨਿਊਯਾਰਕ, 24 ਸਤੰਬਰ : ਉੱਤਰੀ ਕੋਰੀਆ ਨਾਲ ਵਧੇ ਤਣਾਅ ਵਿਚ ਅਮਰੀਕੀ ਫ਼ੌਜ ਨੇ ਅਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਕੋਰੀਆਅਈ ਦੇਸ਼ ਦੇ ਪੂਰਬੀ ਤੱਟ ਦੇ ਉੱਪਰੋਂ ਬੰਬਾਰੀ ਕਰਨ ਵਾਲੇ ਜਹਾਜ਼ ਉਡਾਏ।
ਅਮਰੀਕੀ ਰਖਿਆ ਵਿਭਾਗ ਪੈਂਟਾਗਨ ਦੀ ਮੁੱਖ ਬੁਲਾਰਾ ਡਾਨਾ ਡਬਲਊ ਵਾਈਟ ਨੇ ਕੱਲ ਇਕ ਬਿਆਨ ਵਿਚ ਕਿਹਾ, ''ਇਹ ਮੁਹਿੰਮ ਅਮਰੀਕਾ ਦੇ ਸੰਕਲਪ ਨੂੰ ਦਰਸਾਉਂਦਾ ਲਈ ਹੈ ਅਤੇ ਇਹ ਇਕ ਸਪੱਸ਼ਟ ਸੰਦੇਸ਼ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਕਿਸੇ ਵੀ ਖ਼ਤਰੇ ਤੋਂ ਨਿਪਟਣ ਲਈ ਕਈ ਫ਼ੌਜੀ ਵਿਕਲਪ ਹਨ।''
ਉਨ੍ਹਾਂ ਦਸਿਆ ਕਿ ਗੁਆਮ ਤੋਂ ਯੂ.ਐਸ. ਏਅਰਫੋਰਸ ਬੀ-1ਬੀ ਲਾਂਸਰ ਬੰਬਾਰੀ ਜਹਾਜ਼ ਨੇ ਜਾਪਾਨ ਦੇ ਅੋਕੀਨਾਵਾ ਤੋਂ ਐਫ-15ਸੀ ਈਗਲ ਲੜਾਕੂ ਜਹਾਜ਼ ਦੇ ਨਾਲ ਕੱਲ ਉੱਤਰੀ ਕੋਰੀਆ ਦੇ ਪੂਰਬੀ ਜਲ ਖੇਤਰ ਦੇ ਉੱਪਰੋਂ ਅੰਤਰ ਰਾਸ਼ਟਰੀ ਹਵਾਈ ਖੇਤਰ ਵਿਚ ਉਡਾਨ ਭਰੀ। ਇਹ ਜਹਾਜ਼ ਉਦੋਂ ਉਡਾਏ ਗਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚ ਜੁਬਾਨੀ ਜੰਗ ਤੇਜ਼ ਹੋ ਗਈ ਹੈ।
ਉੱਤਰੀ ਕੋਰੀਆ ਦੇ ਪ੍ਰਮਾਣੂ ਪਰੀਖਣਾਂ ਨੂੰ ਲੈ ਕੇ ਅੰਤਰ ਰਾਸ਼ਟਰੀ ਭਾਈਚਾਰਾ ਚਿੰਤਤ ਹੈ। ਬੁਲਾਰਾ ਨੇ ਕਿਹਾ ਕਿ ਉੱਤਰੀ ਕੋਰੀਆ ਦਾ ਪ੍ਰਮਾਣੂ ਕਾਰਜਕ੍ਰਮ ਏਸ਼ੀਆ-ਪ੍ਰਸ਼ਾਂਤ ਖੇਤਰ ਅਤੇ ਪੂਰੇ ਅੰਤਰ ਰਾਸ਼ਟਰੀ ਭਾਈਚਾਰੇ ਲਈ ਖ਼ਤਰਾ ਹੈ। ਪੈਂਟਾਗਨ ਦੀ ਅਧਿਕਾਰੀ ਨੇ ਕਿਹਾ, ''ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀ ਦੇਸ਼ਾਂ ਦੀ ਰੱਖਿਆ ਕਰਨ ਲਈ ਫ਼ੌਜੀ ਸਮਰੱਥਾਵਾਂ ਦੀ ਵਰਤੋਂ ਕਰਨ ਲਈ ਤਿਆਰ ਹਾਂ।'' (ਪੀਟੀਆਈ)