ਅੰਮ੍ਰਿਤਸਰ, 4 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਅਮਰੀਕਾ ਵਿਚ ਪਹਿਲੀ ਦਸਤਾਰਧਾਰੀ ਕਮਰਸ਼ੀਅਲ ਪਾਇਲਟ ਬਣੀ ਸਿੱਖ ਬੀਬੀ ਅਰਪਿੰਦਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿਤੀ ਹੈ। ਬਿਆਨ ਵਿਚ ਭਾਈ ਲੌਂਗੋਵਾਲ ਕਿਹਾ ਕਿ ਅਮਰੀਕਾ ਦੀ ਕਮਰਸ਼ੀਅਲ ਕੰਪਨੀ ਵਲੋਂ ਅਰਪਿੰਦਰ ਕੌਰ ਨੂੰ ਪਾਇਲਟ ਨਿਯੁਕਤ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਰਪਿੰਦਰ ਕੌਰ ਦੀ ਇਸ ਨਿਯੁਕਤੀ ਨਾਲ ਜਿਥੇ ਸਿੱਖ ਮਾਣ ਮਹਿਸੂਸ ਕਰ ਰਹੇ ਹਨ, ਉਥੇ ਹੀ ਇਸ ਨਾਲ ਸਿੱਖੀ ਦੀ ਪਛਾਣ ਵੀ ਮਜ਼ਬੂਤ ਹੋਈ ਹੈ। ਵਿਦੇਸ਼ੀ ਸਿੱਖਾਂ ਨੇ ਸਾਬਤ ਕਰ ਦਿਤਾ ਹੈ ਕਿ ਸਿੱਖੀ ਸਰੂਪ 'ਚ ਰਹਿੰਦਿਆਂ ਵੀ ਅਮਰੀਕਾ, ਕੈਨੇਡਾ, ਇੰਗਲੈਂਡ,
ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਤਰੱਕੀ ਕੀਤੀ ਜਾ ਸਕਦੀ ਹੈ। ਉਨ੍ਹਾਂ ਅਰਪਿੰਦਰ ਕੌਰ ਦੇ ਨਾਲ-ਨਾਲ ਉਸ ਦੇ ਮਾਪਿਆਂ ਨੂੰ ਵੀ ਵਧਾਈ ਦਿਤੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਕੈਨੇਡੀਅਨ ਫ਼ੌਜ ਵਿਚ ਸਿੱਖਾਂ ਦੀ ਸ਼ਾਨ ਵਧਾਉਣ ਵਾਲੇ ਬਲਰਾਜ ਸਿੰਘ ਦਿਓਲ ਨੂੰ ਵੀ ਵਧਾਈ ਦਿਤੀ। ਦਿਓਲ ਵਲੋਂ ਵੱਖ-ਵੱਖ ਥਾਵਾਂ ਤੇ ਕੰਮ ਕਰਦਿਆਂ ਅਪਣੀ ਕਾਬਲੀਅਤ ਨਾਲ ਮਾਣ ਪ੍ਰਾਪਤ ਕੀਤਾ ਹੈ। ਦਿਓਲ ਦਾ ਕੈਨੇਡੀਅਨ ਫ਼ੋਰਸਜ਼ ਲਈ ਸੈਕੰਡ ਲੈਫ਼ਟੀਨੈਂਟ ਆਰਟਿਲਰੀ ਅਫ਼ਸਰ ਚੁਣੇ ਜਾਣਾ ਸਿੱਖਾਂ ਲਈ ਮਾਣ ਵਾਲੀ ਗੱਲ ਹੈ।