ਅਮਰੀਕਾ: ਸਿੱਖ ਦੇ ਗੈਸ ਸਟੇਸ਼ਨ 'ਤੇ ਹਮਲਾ, ਕੀਤੀ ਨਸਲੀ ਟਿਪਣੀ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ,  7 ਫ਼ਰਵਰੀ: ਅਮਰੀਕਾ ਦੇ ਕੈਂਟਕੀ ਸੂਬੇ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਸਿੱਖ ਦੇ ਗੈਸ ਸਟੇਸ਼ਨ ਦੀ ਭੰਨਤੋੜ ਕਰਦਿਆਂ ਅਸ਼ਲੀਲ ਟਿਪਣੀਆਂ ਕੀਤੀਆਂ। ਗ੍ਰੀਨਅਪ ਕਾਊਂਟੀ ਵਿਚ ਸਥਿਤ ਇਸ ਸਟੇਸ਼ਨ 'ਤੇ ਪਿਛਲੇ ਹਫ਼ਤੇ ਇਹ ਹਮਲਾ ਕੀਤਾ ਗਿਆ ਜਿਸ ਨਾਲ ਉਥੇ ਰਹਿ ਰਹੇ ਸਿੱਖਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਗੈਸ ਸਟੇਸ਼ਨ ਦੇ ਮਾਲਕ ਗ੍ਰੇ ਸਿੰਘ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਕਾਫ਼ੀ ਹੈਰਾਨ ਹਨ ਕਿਉਂਕਿ ਉਨ੍ਹਾਂ ਕਿਸੇ ਦਾ ਬੁਰਾ ਨਹੀਂ ਕੀਤਾ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਵਿਚ ਇਹ ਵਿਖਾਈ ਦੇ ਰਿਹਾ ਹੈ ਕਿ ਰਾਤੀ 11:30 ਇਕ ਵਿਅਕਤੀ ਗੈਸ ਸਟੇਸ਼ਨ ਵਲ ਜਾ ਰਿਹਾ ਹੈ। ਗ੍ਰੇ ਸਿੰਘ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 

ਵਿਚ ਉਨ੍ਹਾਂ ਦੇ ਗੈਸ ਸਟੇਸ਼ਨ 'ਤੇ ਇਹ ਪਹਿਲਾ ਹਮਲਾ ਹੋਇਆ ਹੈ ਪਰ ਉਹ ਹੈਰਾਨ ਹਨ ਕਿ ਇਹ ਹਮਲਾ ਕਿਸ ਨੇ ਕੀਤਾ ਕਿਉਂਕਿ ਉਹ ਤਾਂ ਹਰ ਵਿਅਕਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਲ 1990 ਵਿਚ ਭਾਰਤ ਤੋਂ ਅਮਰੀਕਾ ਆਏ ਸਨ ਪਰ ਇਹ ਹਮਲਾ ਉਨ੍ਹਾਂ ਲਈ ਮਾੜੇ ਸੁਪਨੇ ਤੋਂ ਘੱਟ ਨਹੀਂ ਹੈ। ਕੈਂਟਕੀ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰੇ ਸਿੰਘ ਨੇ ਕਿਹਾ ਕਿ ਉਹ ਹਮਲਾਵਰ ਨੂੰ ਮਾਫ਼ ਕਰ ਦੇਣਗੇ ਅਤੇ ਉਮੀਦ ਹੈ ਕਿ ਅਜਿਹਾ ਹਮਲਾ ਮੁੜ ਨਹੀਂ ਹੋਵੇਗਾ।  
(ਪੀ.ਟੀ.ਆਈ.)