ਅਮਰੀਕਾ ਵਲੋਂ ਚੀਨ ਤੇ ਰੂਸ ਨੂੰ ਉਤਰ ਕੋਰੀਆ ਵਿਰੁਧ ਸਖ਼ਤ ਕਦਮ ਉਠਾਉਣ ਦੀ ਨਸੀਹਤ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 15 ਸਤੰਬਰ: ਅਮਰੀਕਾ ਨੇ ਚੀਨ ਅਤੇ ਰੂਸ ਨੂੰ ਉਤਰ ਕੋਰੀਆ ਦੇ ਉਕਸਾਵੇ ਵਾਲੇ ਮਿਜ਼ਾਇਲ ਪ੍ਰੀਖਣ ਵਿਰੁਧ ਅਪਣੀ ਅਸਹਿਣਸ਼ੀਲਤਾ ਜ਼ਾਹਿਰ ਕਰਨ ਲਈ ਪਯੋਂਗਯਾਂਗ ਵਿਰੁਧ ਪ੍ਰਤੱਖ ਤੌਰ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪਯੋਂਗਯਾਂਗ ਦੇ ਇਕ ਹੋਰ ਮਿਜ਼ਾਇਲ ਪ੍ਰੀਖਣ ਕਰਨ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਕਿਹਾ ਕਿ ਚੀਨ ਅਪਣਾ ਜ਼ਿਆਦਾਤਰ ਤੇਲ ਉਤਰ ਕੋਰੀਆ ਨੂੰ ਮੁਹਈਆ ਕਰਵਾਉਂਦਾ ਹੈ।
ਰੂਸ ਉਤਰ ਕੋਰੀਆਈ ਮਜ਼ਦੂਰਾਂ ਨੂੰ ਵੱਡੀ ਗਿਣਤੀ 'ਚ ਨਿਯੁਕਤ ਕਰਦਾ ਹੈ। ਚੀਨ ਅਤੇ ਰੂਸ ਨੂੰ ਉਸ 'ਤੇ ਪ੍ਰਤੱਖ ਕਾਰਵਾਈ ਕਰਦਿਆਂ ਉਸ ਦੇ ਲਾਪਰਵਾਈ ਵਾਲੇ ਮਿਜ਼ਾਇਲ ਪ੍ਰੀਖਣਾਂ ਵਿਰੁਧ ਅਪਣੀ ਅਸਹਿਣਸ਼ੀਲਤਾ ਜ਼ਾਹਿਰ ਕਰਨੀ ਚਾਹੀਦੀ ਹੈ। ਉਤਰ ਕੋਰੀਆ ਨੇ ਅੱਜ ਤੜਕੇ ਜਿਸ ਮਿਜ਼ਾਇਲ ਦਾ ਪ੍ਰੀਖਣ ਉਹ ਜਾਪਾਨ ਦੇ ਉਤਰ ਤੋਂ ਹੋ ਕੇ ਗੁਜ਼ਰੀ ਅਤੇ ਪ੍ਰਸ਼ਾਂਤ ਇਲਾਕੇ 'ਚ ਜਾ ਕੇ ਡਿੱਗੀ। ਟਿਲਰਸਨ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਉਤਰ ਕੋਰੀਆ ਨੇ ਇਸ ਤਰ੍ਹਾਂ ਦੀ ਭੜਕਾਉ ਕਾਰਵਾਈ ਕੀਤੀ ਹੈ ਅਤੇ ਉਸ ਦੀ ਮਿਜ਼ਾਇਲ ਦਾ ਸਿੱਧਾ ਖ਼ਤਰਾ ਪੈਦਾ ਕਰਦਿਆਂ ਜਾਪਾਨ ਦੇ ਉਪਰੋਂ ਲੰਘੀ ਹੈ। ਜਾਪਾਨ, ਅਮਰੀਕਾ ਦਾ ਇਕ ਸੰਧੀ ਸਹਿਯੋਗੀ ਦੇਸ਼ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਲਗਾਤਾਰ ਭੜਕਾਉਣ ਵਾਲੀਆਂ ਉਤਰ ਕੋਰੀਆ ਦੀਆਂ ਇਹ ਕਾਰਵਾਈਆਂ ਉਸ ਦੇ ਰਾਜਨੀਤਿਕ ਅਤੇ ਆਰਥਕ ਵੱਖਰੇਪਣ ਨੂੰ ਹੋਰ ਗਹਿਰਾ ਕਰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਪਰਿਸ਼ਦ ਦੇ ਪ੍ਰਸਤਾਵ (ਜਿਸ 'ਚ ਹਾਲ ਹੀ ਸਰਬਸੰਮਤੀ ਨਾਲ ਪਾਸ ਹੋਇਆ ਪ੍ਰਸਤਾਵ ਵੀ ਸ਼ਾਮਲ ਹੈ) ਧਰਾਤਲ ਦੀ ਅਗਵਾਈ ਕਰਦੇ ਹਨ ਕਿ ਸਾਨੂੰ ਕਿਹੜੇ ਕਦਮ ਚੁਕਣੇ ਚਾਹੀਦੇ ਹਨ। ਅਸੀਂ ਸੱਭ ਦੇਸ਼ਾਂ ਨਾਲ ਕਿਮ ਸ਼ਾਸਨ ਵਿਰੁਧ ਨਵੇਂ ਕਦਮ ਚੁਕਣ ਦੀ ਅਪੀਲ ਕਰਦੇ ਹਾਂ। (ਏਜੰਸੀ)