ਅਮਰੀਕੀ ਗੁਰਦਵਾਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ 'ਤੇ ਪਾਬੰਦੀ

ਖ਼ਬਰਾਂ, ਕੌਮਾਂਤਰੀ

ਕੋਟਕਪੂਰਾ, 8 ਜਨਵਰੀ (ਗੁਰਿੰਦਰ ਸਿੰਘ): ਭਾਰਤ ਸਰਕਾਰ ਵਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਿਤਕਰੇਬਾਜ਼ੀ ਦੇ ਰੋਸ ਵਜੋਂ ਅਮਰੀਕਾ ਦੀਆਂ 96 ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਹਿਤਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਮਰੀਕਾ ਦੇ ਗੁਰਦਵਾਰਿਆਂ ਵਿਚ ਦਾਖ਼ਲ ਹੋਣ ਨਹੀਂ ਦਿਤਾ ਜਾਵੇਗਾ। ਭਾਰਤੀਆਂ ਅਧਿਕਾਰੀਆਂ ਨੂੰ ਨਗਰ ਕੀਰਤਨਾਂ, ਸਮੇਤ ਕਿਸੇ ਵੀ ਸਮਾਜਕ ਜਾਂ ਧਾਰਮਕ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਇਜਾਜ਼ਤ ਨਹੀਂ ਦਿਤੀ ਜਾਵੇਗੀ। ਇਸ ਸਬੰਧੀ 'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਹੀਂ ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਹਿੰਮਤ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਇਸ ਕਰ ਕੇ ਕੀਤਾ ਗਿਆ ਹੈ ਕਿਉਂਕਿ ਭਾਰਤ ਸਰਕਾਰ ਜੂਨ 1984 'ਚ ਦਰਬਾਰ ਸਾਹਿਬ ਅਤੇ 40 ਹੋਰ ਗੁਰਦਵਾਰਿਆਂ 'ਤੇ ਹੋਏ ਹਮਲੇ,

 ਅਕਾਲ ਤਖ਼ਤ ਦੀ ਤਬਾਹੀ, ਨਵੰਬਰ 1984 ਵਿਚ ਦਿੱਲੀ ਅਤੇ ਪੂਰੇ ਭਾਰਤ 'ਚ ਸਿੱਖਾਂ ਦੀ ਨਸਲਕੁਸ਼ੀ ਜੋ ਅਜੇ ਵੀ ਵੱਖ-ਵੱਖ ਰੂਪਾਂ 'ਚ ਜਾਰੀ ਹੈ, ਪੰਜਾਬ ਦੇ ਦਰਿਆਈ ਪਾਣੀਆਂ ਅਤੇ ਖੇਤੀਬਾੜੀ ਉਤਪਾਦਾਂ ਦੀ ਲਗਾਤਾਰ ਲੁੱਟ-ਮਾਰ ਅਤੇ ਦਹਾਕਿਆਂ ਤੋਂ ਜਾਰੀ ਪੰਜਾਬ ਦੇ ਸਿੱਖਾਂ ਦੀਆਂ ਵਾਧੂ-ਜੁਡੀਸ਼ੀਅਲ ਕਤਲਾਂ ਲਈ ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਭਾਰਤ ਸਰਕਾਰ ਕੈਦੀਆਂ ਦੀ ਕਾਲ-ਕੋਠੜੀ ਅੰਦਰ ਬੇੜੀਆਂ ਵਿਚ ਜਕੜੇ ਅਤੇ ਡਾਕਟਰੀ ਇਲਾਜ ਤੋਂ ਵਾਂਝਿਆਂ ਕਰ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਸਰਕਾਰ ਭਾਰਤੀ ਜੇਲਾਂ ਵਿਚ ਬੰਦ ਸਿੱਖ ਰਾਜਨੀਤਕ ਕੈਦੀਆਂ ਨੂੰ ਜੇਲ ਨਿਯਮਾਂ ਮੁਤਾਬਕ ਸਜ਼ਾ ਪੂਰੀ ਹੋਣ ਦੇ ਬਾਵਜੂਦ ਗ਼ੈਰ ਸੰਵਿਧਾਨਕ ਤਰੀਕੇ ਨਾਲ ਕੈਦ 'ਚ ਰੱਖ ਰਹੀ ਹੈ। ਭਾਰਤੀ ਸਰਕਾਰ ਸਿੱਖ ਨੌਜਵਾਨਾਂ ਦੀਆਂ ਗ਼ੈਰ-ਕਾਨੂੰਨੀ ਗ੍ਰਿਫ਼ਤਾਰੀਆਂ ਅਤੇ ਪੁਲਿਸ ਵਲੋਂ ਸਿੱਖ ਕਾਰਕੁਨਾ 'ਤੇ ਅਣਮਨੁੱਖੀ ਤਸ਼ੱਦਦ ਕਰ ਦਹਿਸ਼ਤ ਭਰਿਆ ਮਾਹੌਲ ਪੈਦਾ ਕਰ ਰਹੀ ਹੈ।