ਅੰਮ੍ਰਿਤਧਾਰੀ ਜਗਮੀਤ ਸਿੰਘ ਬਣੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ

ਖ਼ਬਰਾਂ, ਕੌਮਾਂਤਰੀ

ਟੋਰਾਂਟੋ/ਵੈਨਕੂਵਰ, 2 ਅਕਤੂਬਰ (ਬਰਾੜ ਭਗਤਾ ਭਾਈਕਾ): ਕੈਨੇਡਾ ਦੀ ਸਿਆਸਤ ਵਿਚ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ ਨੂੰ ਅਹਿਮ ਅਹੁਦਾ ਮਿਲਿਆ ਹੈ। ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦਾ ਮੁਖੀ ਚੁਣਿਆ ਗਿਆ ਹੈ। ਜਗਮੀਤ ਸਿੰਘ ਅਜਿਹਾ ਪਹਿਲਾ ਘੱਟਗਿਣਤੀ ਸਿਆਸਤਦਾਨ ਹੈ ਜਿਹੜਾ ਕੈਨੇਡਾ ਦੀ ਮੁੱਖ ਸਿਆਸੀ ਪਾਰਟੀ ਦੀ ਅਗਵਾਈ ਕਰੇਗਾ। 

ਉਨ੍ਹਾਂ ਕਿਹਾ ਕਿ ਹੁਣ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਅਧਿਕਾਰਤ ਤੌਰ 'ਤੇ ਅਪਣੀ ਮੁਹਿੰਮ ਸ਼ੁਰੂ ਕਰ ਰਹੇ ਹਨ। ਜਗਮੀਤ ਸਿੰਘ ਲਈ ਡੈਮੋਕ੍ਰੈਟਿਕ ਪਾਰਟੀ ਨੂੰ ਮੁੜ ਤੋਂ ਮਜ਼ਬੂਤ ਕਰਨਾ ਵੱਡੀ ਚੁਨੌਤੀ ਹੋਵੇਗੀ ਕਿਉਂਕਿ ਸਾਲ 2015 ਵਿਚ ਹੋਈਆਂ ਚੋਣਾਂ ਵਿਚ ਪਾਰਟੀ ਨੂੰ 59 ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵੇਲੇ ਨਿਊ ਡੈਮੋਕ੍ਰੇਟਿਕ ਪਾਰਟੀ ਕੈਨੇਡਾ ਦੀ ਸੰਸਦ ਵਿਚ 338 ਸੀਟਾਂ ਵਿਚੋਂ 44 ਸੀਟਾਂ ਨਾਲ ਤੀਜੇ ਨੰਬਰ 'ਤੇ ਹੈ। ਇਸ ਪਾਰਟੀ ਨੂੰ ਹਾਲੇ ਤਕ ਕੈਨੇਡਾ ਵਿਚ ਸੱਤਾ ਦਾ ਮਾਣ ਨਹੀਂ ਮਿਲ ਸਕਿਆ। ਸਾਲ 2011 ਦੀਆਂ ਆਮ ਚੋਣਾਂ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਮਜ਼ਬੂਤੀ ਨਾਲ ਉਭਰੀ ਸੀ ਅਤੇ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਕਾਫ਼ੀ ਘੱਟ ਵੋਟਾਂ ਗਵਾਉਣੀਆਂ ਪਈਆਂ ਸਨ ਅਤੇ ਚਾਰ ਸਾਲ ਬਾਅਦ ਇਨ੍ਹਾਂ ਵਿਚੋਂ ਜ਼ਿਆਦਾਤਰ ਵੋਟਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਮਿਲੀਆਂ ਸਨ।