ਸਿਡਨੀ: ਇਕ ਪਾਸੇ ਜਿੱਥੇ ਭਾਰਤੀ ਪੁਰਾਤਨ ਚੀਜ਼ਾਂ ਨੂੰ ਪਿੱਛੇ ਛੱਡ ਹਾਈਟੇਕ ਉਤਪਾਦਾਂ ਦੇ ਪਿੱਛੇ ਦੋੜ ਰਹੇ ਹਨ, ਉਥੇ ਹੀ ਹੋਰ ਵਿਕਸਿਤ ਦੇਸ਼ ਭਾਰਤੀ ਪਾਰੰਪਰਿਕ ਚੀਜ਼ਾਂ ਨੂੰ ਅਪਣਾ ਰਹੇ ਹਨ। ਇਨ੍ਹਾਂ ਵਿਚ ਇਕ ਨਵਾਂ ਨਾਮ ਸ਼ਾਮਲ ਹੋਇਆ ਹੈ ਭਾਰਤੀ ਮੰਜਾ, ਜਿਸ ਦਾ ਕਰੇਜ ਆਸਟਰੇਲੀਆ ਵਿਚ ਦੇਖਿਆ ਜਾ ਰਿਹਾ ਹੈ। ਇੱਥੇ ਜੂਟ ਦੀਆਂ ਰੱਸੀਆਂ ਅਤੇ ਲੱਕੜੀ ਦੇ ਫਰੇਮ ਨਾਲ ਇਕ ਮੂਲ 'ਮੰਜੇ' ਨੂੰ ਵੇਚਣ ਲਈ ਬਣਾਇਆ ਗਿਆ ਇਕ ਐਡ ਕਾਫ਼ੀ ਲੋਕਪ੍ਰਿਯ ਹੋ ਰਿਹਾ ਹੈ।
ਆਸਟਰੇਲੀਆ ਦੇ ਇਸ ਇਸ਼ਤਿਹਾਰ ਨੇ ਭਾਰਤੀ ਟਵਿਟਰਾਂ ਨੂੰ ਹੈਰਾਨ ਕਰ ਦਿੱਤਾ ਹੈ- ਇਸ ਲਈ ਨਹੀਂ ਕਿ ਉੱਥੇ ਭਾਰਤੀ 'ਮੰਜੇ' ਦੀ ਮੰਗ ਜ਼ੋਰ ਫੜ ਰਹੀ ਹੈ, ਸਗੋਂ ਇਸ ਦੀ ਕੀਮਤ ਨੂੰ ਲੈ ਕੇ। ਇੱਥੇ 'ਮੰਜਾ' 909 ਡਾਲਰ ਵਿਚ ਵੇਚਿਆ ਜਾ ਰਿਹਾ ਹੈ, ਜੋ ਭਾਰਤੀ ਕਰੰਸੀ ਵਿਚ ਕੀਮਤ ਕਰੀਬ 50,000 ਰੁਪਏ ਤੱਕ ਹੈ।
ਇਸ ਵਿਸਤ੍ਰਤ ਇਸ਼ਤਿਹਾਰ ਵਿਚ ਉਤਪਾਦ ਨੂੰ ਪਾਰੰਪਰਿਕ ਭਾਰਤੀ ਡੇ-ਬੈਡ ਦੱਸਿਆ ਗਿਆ ਹੈ ਅਤੇ ਇਸ ਦੇ ਬੇਹੱਦ ਆਰਾਮਦਾਇਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਗਾਹਕਾਂ ਨੂੰ ਮੰਗ ਅਨੁਸਾਰ ਮੰਜੇ ਦੀ ਲੰਬਾਈ ਅਤੇ ਚੋੜਾਈ ਤੈਅ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਇਹ 'ਮੰਜਾ' ਮਜ਼ਬੂਤ ਮੋਰਟਿਜ ਅਤੇ ਟੇਨਨ ਜਾਇੰਟਸ ਨਾਲ ਖੂਬਸੂਰਤ ਮੈਪਲ ਲੱਕੜੀ ਨਾਲ ਬਣਾਇਆ ਗਿਆ ਹੈ। ਇਸ਼ਤਿਹਾਰ ਅਨੁਸਾਰ ਇਹ 'ਮੰਜਾ' ਮਨੀਲਾ ਰੱਸੀ ਦੀ ਵਰਤੋਂ ਕਰਕੇ ਹੱਥ ਨਾਲ ਬੁਣਿਆ ਬਿਸਤਰਾ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ 100 ਫੀਸਦੀ ਆਸਟਰੇਲੀਆ ਵਿਚ ਬਣਾਇਆ ਗਿਆ ਹੈ।
ਇਸ ਇਸ਼ਤਿਹਾਰ ਨੂੰ ਲੈ ਕੇ ਟਵਿਟਰ ਉੱਤੇ ਬਹੁਤ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਐਡ ਨੂੰ ਦੇਖ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁੱਝ ਲੋਕ ਇਸ ਦੇ ਮੁੱਲ ਨੂੰ ਲੈ ਕੇ ਕਮੇੈਂਟ ਕਰ ਰਹੇ ਹਨ ਤਾਂ ਕੁੱਝ ਇਸ ਉੱਤੇ ਮਜਾਕੀਆ ਅੰਦਾਜ਼ ਵਿਚ ਟਿੱਪਣੀ ਵੀ ਕਰ ਰਹੇ ਹਨ।
2010 ਵਿਚ ਇਕ ਸੰਗੀਤ ਅਧਿਆਪਕ ਦੀ ਭਾਲ ਵਿਚ ਭਾਰਤ ਆਉਣ ਸਮੇਂ ਡੈਨੀਅਲ ਬਲੋਅਰ ਨੇ ਪਹਿਲੀ ਵਾਰ ਮੰਜੇ ਦੇਖੇ ਸਨ। ਉਹ ਕਹਿੰਦਾ ਹੈ ਕਿ ਉਸਨੇ ਇੱਕ ਦੋਸਤ ਲਈ ਇਹ ਬਣਾਇਆ ਅਤੇ ਵਿਕਰੀ ਲਈ ਮੰਜਾ ਤਿਆਰ ਕਰਨ ਦਾ ਫੈਸਲਾ ਕੀਤਾ ਤੇ ਬਾਅਦ 'ਚ ਉਸ ਨੂੰ ਵੇਚ ਦਿੱਤਾ।