ਅੰਤਰਰਾਸ਼ਟਰੀ ਖਿਡਾਰੀ ਕੰਗ ਵਲੋਂ ਮਦਦ ਦੀ ਦੁਹਾਈ, ਨਹੀਂ ਤਾਂ ਇਟਲੀ ਜਾ ਵਸੇਗਾ

ਖ਼ਬਰਾਂ, ਕੌਮਾਂਤਰੀ

ਚੰਡੀਗੜ੍ਹ, 21 ਸਤੰਬਰ (ਸ.ਸ.ਧ.) : ਅੰਤਰ ਰਾਸ਼ਟਰੀ ਪੱਧਰ 'ਤੇ ਵੱਡੀਆਂ ਮੱਲਾਂ ਮਾਰ ਚੁਕਿਆ ਖਿਡਾਰੀ ਦਵਿੰਦਰ ਸਿੰਘ ਕੰਗ ਆਰਥਿਕ ਮਦਦ ਲਈ ਦੁਹਾਈ ਦੇ ਰਿਹਾ ਹੈ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਭਾਵੇਂ ਉਸ ਨੇ ਅੰਤਰ ਰਾਸ਼ਟਰੀ ਪੱਧਰ 'ਤੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਉਹ ਇਸ ਵੇਲੇ ਕਰਜ਼ੇ ਦੇ ਬੋਝ ਥੱਲੇ ਇੰਨਾ ਦਬ ਗਿਆ ਹੈ ਕਿ ਹੁਣ ਉਸ ਦੀ ਬੇਵਸੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉੁਨ੍ਹਾਂ ਨੂੰ 107 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਜਿਨ੍ਹਾਂ ਖਿਡਾਰੀਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਕਾਮਨਵੈਲਥ ਖੇਡਾਂ, ਏਸ਼ੀਅਨ ਖੇਡਾਂ ਅਤੇ ਟੋਕੀਓ ਵਿਚ ਹੋਣ ਵਾਲੀ ਓਲਪਿੰਕ ਖੇਡਾਂ ਲਈ ਤਿਆਰੀ ਕਰਵਾਉਣ ਲਈ ਆਰਥਕ ਮਦਦ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨੀਆਂ ਹਨ।
ਸ੍ਰੀ ਕੰਗ ਉਹ ਖਿਡਾਰੀ ਹੈ ਜੋ ਇਸੇ ਸਾਲ ਲੰਡਨ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਵਿਚ ਨੇਜ਼ਾ ਸੁੱਟਣ ਦੀ ਖੇਡ ਦੇ ਫ਼ਾਈਨਲ ਵਿਚ ਪ੍ਰਵੇਸ਼ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਸਨ। ਇਨ੍ਹਾਂ ਨੇ ਉਥੇ 84.57 ਮੀਟਰ ਨੇਜ਼ਾ ਸੁਟਿਆ ਸੀ। ਇਸ ਤੋਂ ਇਲਾਵਾ ਉਹ ਹੋਰ ਬਹੁਤ ਸਾਰੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਵੀ ਨਾਮਣਾ ਖੱਟ ਚੁੱਕੇ ਹਨ। ਕੰਗ ਨੇ ਦਸਿਆ ਕਿ ਪਿਛਲੇ 2 ਸਾਲਾਂ ਵਿਚ ਉਹ ਸਿਰਫ਼ ਦੋ ਦਿਨ ਹੀ ਅਪਣੇ ਘਰ ਗਿਆ ਹੈ ਅਤੇ ਹਮੇਸ਼ਾ ਅਭਿਆਸ ਵਿਚ ਹੀ ਅਪਣਾ ਧਿਆਨ ਰਖਦਾ ਹੈ।
ਫ਼ੌਜ ਵਿਚ ਸੂਬੇਦਾਰ ਵਜੋਂ ਕੰਮ ਕਰਦੇ ਹੋਏ ਕੰਗ ਨੇ ਦਸਿਆ ਕਿ ਉਸ ਦਾ ਤਨਖ਼ਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਲਈ ਤਿਆਰੀਆਂ ਕਰਨ ਲਈ ਉਸ ਨੂੰ ਬਹੁਤ ਸਾਰੇ ਪੈਸੇ ਅਪਣੀ ਖ਼ੁਰਾਕ, ਕਿੱਟਾਂ ਅਤੇ ਹੋਰ ਸਾਜ਼ੋ ਸਮਾਜ ਖਰੀਦਣ ਲਈ ਖ਼ਰਚਣੇ ਪੈਂਦੇ ਹਨ। ਇਸ ਕਰ ਕੇ ਉਨ੍ਹਾਂ ਨੇ ਬਹੁਤ ਸਾਰਾ ਉਧਾਰ ਪੈਦਾ ਯਾਰਾਂ ਦੋਸਤਾਂ ਤੋਂ ਲਿਆ ਹੋਇਆ ਹੈ ਜਿਸ ਕਰ ਕੇ ਉਹ ਹੁਣ ਅਪਣੇ ਆਪ ਨੂੰ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਮਹਿਸੂਸ ਕਰ ਰਹੇ ਹਨ। ਉੁਨ੍ਹਾਂ ਕਿਹਾ ਕਿ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਪਹੁੰਚਿਆ ਹੈ ਕਿ ਸਬੰਧਤ ਅਧਿਕਾਰੀਆਂ ਨੇ 107 ਖਿਡਾਰੀਆਂ ਦੀ ਉਸ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਜਿਨ੍ਹਾਂ ਦੀ ਤਿਆਰੀ ਸਰਕਾਰੀ ਪੱਧਰ 'ਤੇ ਕਰਵਾਈ ਜਾਣੀ ਹੈ।
ਕੰਗ ਨੇ ਕਿਹਾ ਕਿ ਜੇਕਰ ਉੁਨ੍ਹਾਂ ਪ੍ਰਤੀ ਅਧਿਕਾਰੀਆਂ ਦਾ ਵਤੀਰਾ ਨਾ ਬਦਲਿਆ ਤਾਂ ਫਿਰ ਉਹ ਇਟਲੀ ਵਿਚ ਜਾ ਕੇ ਵੱਸ ਜਾਣਗੇ ਜਿਥੇ ਉਨ੍ਹਾਂ ਨੂੰ ਇਕ ਕਲੱਬ ਨੇ 12 ਲੱਖ ਰੁਪਏ ਪ੍ਰਤੀ ਮਹੀਨਾ ਦੀ ਮਾਲੀ ਮਦਦ ਦਾ ਯਕੀਨ ਦਿਵਾਇਆ ਹੈ ਪਰ ਕਿਉਂਕਿ ਉੁਨ੍ਹਾਂ ਦੀ ਪਹਿਲੀ ਤਰਜੀਹ ਪੰਜਾਬ ਅਤੇ ਭਾਰਤ ਹੈ ਇਸ ਕਰ ਕੇ ਉਹ ਇਥੇ ਹੀ ਰਹਿਣਾ ਪਸੰਦ ਕਰਨਗੇ ਜੇਕਰ ਉਨ੍ਹਾਂ ਦੀ ਸਹੀ ਅਰਥਾਂ ਵਿਚ ਮਾਲੀ ਅਤੇ ਹੋਰ ਸਹਾਇਤਾ ਦੇਣ ਲਈ ਸਰਕਾਰੀ ਅਧਿਕਾਰੀ ਅੱਗੇ ਆਉਂਦੇ ਹਨ।