ਔਰਤ ਨੇ ਮੁਸਲਿਮ ਮਰਦਾਂ ਵਿਰੁਧ ਨਸਲੀ ਟਿਪਣੀ ਕੀਤੀ

ਖ਼ਬਰਾਂ, ਕੌਮਾਂਤਰੀ

ਲੰਦਨ, 3 ਸਤੰਬਰ : ਬ੍ਰਿਟੇਨ 'ਚ ਸੁਨਹਿਰੀ ਵਾਲਾਂ ਵਾਲੀ ਇਕ ਔਰਤ ਨੇ ਸੜਕ 'ਤੇ ਜਾ ਰਹੇ ਮੁਸਲਿਮ ਮਰਦਾਂ ਦੇ ਇਕ ਸਮੂਹ 'ਤੇ ਉਸ ਸਮੇਂ ਨਸਲੀ ਟਿਪਣੀ ਕੀਤੀ, ਜਦੋਂ ਉਹ ਈਦ ਮਨਾਉਣ ਲਈ ਇਕ ਕਬਰਿਸਤਾਨ 'ਚੋਂ ਦੁਆ ਮੰਗ ਕੇ ਆ ਰਹੇ ਸਨ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਵੈਸਟ ਯੋਰਕਸ਼ਾਇਰ ਪੁਲਿਸ ਨੇ ਇਕ ਬਿਆਨ 'ਚ ਦਸਿਆ ਕਿ ਏਸ਼ੀਆਈ ਮਰਦਾਂ ਦਾ ਇਕ ਸਮੂਹ ਡਿਊਸਬੇਰੀ ਕਬਰਿਸਤਾਨ ਨੇੜੇ ਸੜਕ 'ਤੇ ਜਾ ਰਿਹਾ ਸੀ ਤਾਂ ਇਕ ਲਾਲ ਰੰਗ ਦੀ ਗੱਡੀ ਉਨ੍ਹਾਂ ਦੇ ਨੇੜੇ ਆਈ ਅਤੇ 43 ਸਾਲਾ ਸੁਨਹਿਰੀ ਵਾਲਾਂ ਵਾਲੀ ਇਕ ਔਰਤ ਨੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ। ਪੁਲਿਸ ਨੇ ਇਨ੍ਹਾਂ ਮਰਦਾਂ ਦੀ ਨਾਗਰਿਕਤਾ ਬਾਰੇ ਜਾਣਕਾਰੀ ਨਹੀਂ ਦਿਤੀ। 'ਹਡਸਰਫੀਲਡ ਐਗਜ਼ਾਮਿਨ' ਮੁਤਾਬਕ ਘਟਨਾ ਦੀ ਵੀਡੀਉ 'ਚ ਨਜ਼ਰ ਆ ਰਿਹਾ ਹੈ ਕਿ ਇਕ ਛੋਟੀ ਲਾਲ ਕਾਰ 'ਚ ਸਵਾਰ ਹਮਲਾਵਰ ਤਰੀਕੇ ਨਾਲ ਮਰਦਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਮਹਿਲਾ ਇਸ ਸਮੇਂ ਪੁਲਿਸ ਹਿਰਾਸਤ 'ਚ ਹੈ।
ਕਿਰਕਲੀਸ ਜ਼ਿਲ੍ਹਾ ਪੁਲਿਸ ਮੁਖੀ ਰੋਜ਼ਲ ਐਸ਼ੇਲ ਨੇ ਇਸ ਘਟਨਾ ਨੂੰ ਪੀੜਤ ਮਰਦਾਂ ਲਈ ਕਾਫੀ ਪ੍ਰੇਸ਼ਾਨ ਕਰਨ ਵਾਲਾ ਅਨੁਭਵ ਦਸਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਇਹ ਲੋਕ ਬਹੁਤ ਪ੍ਰੇਸ਼ਾਨ ਹਨ। (ਪੀਟੀਆਈ)