ਬਗ਼ਦਾਦ 'ਚ ਦੋ ਬੰਬ ਧਮਾਕੇ; 38 ਹਲਾਕ, 100 ਜ਼ਖ਼ਮੀ

ਖ਼ਬਰਾਂ, ਕੌਮਾਂਤਰੀ

ਬਗ਼ਦਾਦ, 15 ਜਨਵਰੀ : ਇਰਾਕ ਦੀ ਰਾਜਧਾਨੀ ਬਗ਼ਦਾਦ 'ਚ ਸੋਮਵਾਰ ਨੂੰ ਦੋ ਬੰਬ ਧਮਾਕਿਆਂ 'ਚ 38 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 100 ਹੋਰ ਜ਼ਖ਼ਮੀ ਹੋ ਗਏ। ਹਮਲੇ ਨੂੰ ਸੋਮਵਾਰ ਸਵੇਰੇ ਅਲ-ਤਾਇਰਾਨ ਚੌਕ ਨੇੜੇ ਭੀੜ-ਭੜੱਕੇ ਵਾਲੇ ਇਲਾਕੇ 'ਚ ਦੋ ਆਤਮਘਾਤੀ ਹਮਲਾਵਰਾਂ ਨੇ ਅੰਜਾਮ ਦਿਤਾ। ਉਨ੍ਹਾਂ ਨੇ ਖੁਦ ਨੂੰ ਵਿਸਫ਼ੋਟਕ ਬੈਲਟ ਨਾਲ ਧਮਾਕਾ ਕਰ ਕੇ ਉਡਾ ਲਿਆ।ਪਿਛਲੇ ਤਿੰਨ ਦਿਨਾਂ ਵਿਚ ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਹੋਇਆ ਇਸ ਤਰ੍ਹਾਂ ਦਾ ਇਹ ਦੂਜਾ ਹਮਲਾ ਹੈ। ਫ਼ੌਜ ਅਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨਸ ਕਮਾਨ ਦੇ ਬੁਲਾਰੇ ਜਨਰਲ ਸਾਦ ਮਾਨ ਨੇ ਦਸਿਆ, ''ਮੱਧ ਬਗ਼ਦਾਦ ਦੇ ਅਲ-ਤਾਇਰਾਨ ਚੌਰਾਹੇ 'ਤੇ ਦੋ ਆਤਮਘਾਤੀ ਹਮਲਾਵਰਾਂ ਨੇ ਖੁਦ ਨੂੰ ਧਮਾਕਾ

 ਕਰ ਕੇ ਉਡਾ ਲਿਆ।'' ਤਾਇਰਾਨ ਚੌਰਾਹਾ ਭੀੜ-ਭਾੜ ਵਾਲਾ ਵਪਾਰਕ ਕੇਂਦਰ ਹੈ, ਜਿਥੇ ਕੰਮ ਦੀ ਭਾਲ ਵਿਚ ਸਵੇਰ ਤੋਂ ਹੀ ਦਿਹਾੜੀ ਮਜ਼ਦੂਰ ਇਕੱਠੇ ਹੋ ਜਾਂਦੇ ਹਨ।
ਮੌਕੇ 'ਤੇ ਮੌਜੂਦ ਇਕ ਫ਼ੋਟੋਗ੍ਰਾਫ਼ਰ ਨੇ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਐਂਬੂਲੈਂਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਘਟਨਾ ਦੀ ਫਿਲਹਾਲ ਕਿਸੇ ਅਤਿਵਾਦੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਅਜਿਹੀਆਂ ਘਟਨਾਵਾਂ ਨੂੰ ਇਸਲਾਮਿਕ ਸਟੇਟ ਦੇ ਜੇਹਾਦੀਆਂ ਵਲੋਂ ਅੰਜ਼ਾਮ ਦਿਤਾ ਜਾਂਦਾ ਹੈ। (ਪੀਟੀਆਈ)