ਢਾਕਾ, 17
ਸਤੰਬਰ : ਬੰਗਲਾ ਦੇਸ਼ ਦੇ ਅਧਿਕਾਰੀ ਮਿਆਂਮਾਰ 'ਚ ਹਿੰਸਾ ਕਾਰਨ ਭੱਜ ਕੇ ਇਥੇ ਆ ਰਹੇ
ਰੋਹਿੰਗਾ ਮੁਸਲਮਾਨਾਂ ਨੂੰ ਸ਼ਹਿਰ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ
ਇਲਾਵਾ ਉਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ
ਵੀ ਸ਼ੁਰੂ ਕਰ ਦਿਤੀ ਹੈ।
ਬੰਗਲਾਦੇਸ਼ 'ਚ 4 ਲੱਖ ਤੋਂ ਵੱਧ ਰੋਹਿੰਗਾ ਲੋਕ ਰਹਿ ਰਹੇ ਹਨ, ਜੋ ਮਿਆਂਮਾਰ 'ਚ ਵਧਦੇ ਸੰਕਟ ਵਿਚਕਾਰ ਪਿਛਲੇ ਤਿੰਨ ਹਫ਼ਤਿਆਂ ਤੋਂ ਅਪਣੇ ਘਰਾਂ ਨੂੰ ਛੱਡ ਕੇ ਆਏ ਹਨ। ਸੰਯੁਕਤ ਰਾਸ਼ਟਰ ਨੇ ਇਸ ਸੰਕਟ ਨੂੰ ਜਾਤੀ ਖ਼ਾਤਮਾ ਦਸਿਆ ਹੈ। ਦੂਜੇ ਪਾਸੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮਿਆਂਮਾਰ 'ਚ ਰੋਹਿੰਗਾ ਮੁਸਲਿਮ ਭਾਈਚਾਰੇ ਵਿਰੁਧ ਜਾਰੀ ਹਿੰਸਾ ਦਾ ਮੁੱਦਾ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਚੁੱਕੇਗੀ। ਹਸੀਨਾ ਵੱਖ-ਵੱਖ ਦੇਸ਼ਾਂ ਤੋਂ ਇਸ ਮਾਮਲੇ ਨੂੰ ਲੈ ਕੇ ਮਿਆਂਮਾਰ 'ਤੇ ਦਬਾਅ ਬਣਾਉਣ ਦੀ ਵੀ ਅਪੀਲ ਕਰੇਗੀ। ਪ੍ਰਧਾਨ ਮੰਤਰੀ ਹਸੀਨਾ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਹਿੱਸਾ ਲੈਣ ਲਈ ਐਤਵਾਰ ਨੂੰ ਨਿਊਯਾਰਕ ਰਵਾਨਾ ਹੋ ਗਈ ਹੈ।
ਹਸੀਨਾ ਦੇ ਪ੍ਰੈੱਸ ਸਕੱਤਰ ਇਹਸਾਨੁਲ ਕਰੀਮ ਨੇ ਢਾਕਾ ਵਿਚ ਦਸਿਆ ਕਿ ਮਿਆਂਮਾਰ 'ਚ ਲਗਾਤਾਰ ਰੋਹਿੰਗਾ ਮੁਸਲਿਮ ਭਾਈਚਾਰੇ ਵਿਰੁਧ ਹੋ ਰਹੀ ਹਿੰਸਾ ਵਧਦੀ ਹੀ ਜਾ ਰਹੀ ਹੈ ਅਤੇ ਉਨ੍ਹਾਂ ਵਿਰੁਧ ਮਨੁੱਖੀ ਅਧਿਕਾਰ ਉਲੰਘਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਕਰੀਮ ਨੇ ਰੋਹਿੰਗਾ ਮੁਸਲਮਾਨਾਂ ਵਿਰੁਧ ਹੋ ਰਹੀ ਹਿੰਸਾ ਨੂੰ ਜਾਤੀ ਕਤਲੇਆਮ ਦਸਿਆ ਹੈ। ਰੋਹਿੰਗਾ ਭਾਈਚਾਰੇ ਵਿਰੁਧ ਹੋ ਰਹੀ ਹਿੰਸਾ ਕਾਰਨ ਸਰਹੱਦ ਦੇ ਦੋਹਾਂ ਪਾਸੇ ਮਨੁੱਖੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ।
ਕਾਕਸ ਬਾਜ਼ਾਰ ਜ਼ਿਲ੍ਹੇ 'ਚ ਇਕ
ਸਰਕਾਰੀ ਹਸਪਤਾਲ 'ਚ ਡਾਕਟਰ ਅਬਦੁਸ ਸਲਾਮ ਨੇ ਦਸਿਆ ਕਿ ਹੈਜ਼ਾ, ਰੂਬੇਲਾ ਅਤੇ ਪੋਲਿਉ ਲਈ 7
ਦਿਨਾਂ 'ਚ ਲਗਭਗ 1.50 ਬੱਚਿਆਂ ਨੂੰ ਟੀਕੇ ਲਗਾਏ ਜਾਣਗੇ। ਸੰਯੁਕਤ ਰਾਸ਼ਟਰ ਨੇ ਕਿਹਾ ਕਿ
ਲਗਭਗ 2.40 ਲੱਖ ਬੱਚੇ ਖ਼ਰਾਬ ਹਾਲਾਤ 'ਚ ਰਹਿ ਰਹੇ ਹਨ। ਇਸ ਦੌਰਾਨ ਪੁਲਿਸ ਨਜ਼ਰ ਰੱਖ ਰਹੀ
ਹੈ ਕਿ ਸ਼ਰਨਾਰਥੀ ਆਸਪਾਸ ਦੇ ਸ਼ਹਿਰਾਂ 'ਚ ਨਾ ਜਾਣ। (ਪੀਟੀਆਈ)