ਬਰਤਾਨੀਆ ਦੀ ਪਾਰਲੀਮੈਂਟ ਬਾਹਰ ਸਿੱਖ 'ਤੇ ਨਸਲੀ ਹਮਲਾ

ਖ਼ਬਰਾਂ, ਕੌਮਾਂਤਰੀ

ਲੰਡਨ : ਬਰਤਾਨੀਆ ਦੀ ਪਾਰਲੀਮੈਂਟ ਬਾਹਰ ਇਕ ਗੋਰੇ ਵਲੋਂ ਪੰਜਾਬੀ ਸਿੱਖ 'ਤੇ ਨਸਲੀ ਹਮਲਾ ਕੀਤਾ ਗਿਆ। ਜਿਸ ਨੂੰ ਲੈ ਕੇ ਸਥਾਨਕ ਸਿੱਖਾਂ ਵਿਚਕਾਰ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਗੋਰੇ ਨੇ ਹਮਲੇ ਦੌਰਾਨ 'ਮੁਸਲਿਮ ਵਾਪਸ ਜਾਓ' ਦਾ ਰੌਲਾ ਪਾਉਂਦੇ ਹੋਏ ਸਿੱਖ ਵਿਅਕਤੀ ਦੀ ਪੱਗ ਦੀ ਬੇਅਦਬੀ ਕੀਤੀ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਰਵਨੀਤ ਸਿੰਘ (37) ਸਿੱਖ ਲੇਬਰ ਐਮ.ਪੀ. ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕਰਨ ਲਈ ਬਰਤਾਨੀਆ ਪਾਰਲੀਮੈਂਟ ਅਸਟੇਟ ਦੇ ਪੋਰਟਿਕਲਿਸ ਹਾਊਸ ਅੰਦਰ ਜਾਣ ਦਾ ਇੰਤਜ਼ਾਰ ਕਰ ਰਹੇ ਸੀ।



ਰਵਨੀਤ ਸਿੰਘ ਨੇ ਕਿਹਾ ਕਿ ਉਹ ਕਤਾਰ ਵਿਚ ਇੰਤਜ਼ਾਰ ਕਰ ਰਿਹਾ ਸੀ ਕਿ ਇੱਕ ਗੋਰਾ ਵਿਅਕਤੀ 'ਮੁਸਲਿਮ ਵਾਪਸ ਜਾਓ' ਚਿਲਾਉਂਦਾ ਹੋਇਆ ਆਇਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਰਵਨੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੱਗ ਦਾ ਬਚਾਅ ਕਰਦੇ ਹੋਏ, ਉਸ ਨੂੰ ਜ਼ੋਰ ਨਾਲ ਝਿੜਕਿਆ ਤਾਂ ਉਹ ਭੱਜ ਗਿਆ।ਉਨ੍ਹਾਂ ਇਹ ਵੀ ਕਿਹਾ ਕਿ ਉਸ ਨੇ ਕਿਸੇ ਹੋਰ ਭਾਸ਼ਾ ਵਿਚ ਵੀ ਨਸਲੀ ਟਿੱਪਣੀ ਕੀਤੀ ਜੋ ਉਨ੍ਹਾਂ ਨੂੰ ਸਮਝ ਨਹੀਂ ਆ ਸਕੀ। 



ਰਵਨੀਤ ਦਾ ਕਹਿਣਾ ਸੀ ਕਿ ਉਹ ਗੋਰਾ ਜ਼ਰੂਰ ਸੀ ਪਰ ਅੰਗਰੇਜ਼ ਨਹੀਂ ਜਾਪ ਰਿਹਾ ਸੀ। ਐਮ.ਪੀ. ਢੇਸੀ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਤੇ ਮੁਲਜ਼ਮ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ ਪਰ ਉਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।