ਭਾਰਤ-ਫ਼ਰਾਂਸ ਵਿਚਾਲੇ 16 ਅਰਬ ਡਾਲਰ ਦੇ 14 ਸਮਝੌਤੇ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ : ਭਾਰਤ ਅਤੇ ਫ਼ਰਾਂਸ ਨੇ ਇਕ-ਦੂਜੇ ਦੇ ਫ਼ੌਜੀ ਟਿਕਾਣਿਆਂ ਦੀ ਵਰਤੋਂ ਅਤੇ ਫ਼ੌਜੀ ਸਾਜ਼ੋ-ਸਾਮਾਨ ਦੇ ਆਦਾਨ-ਪ੍ਰਦਾਨ ਤੇ ਖ਼ੁਫ਼ੀਆ ਸੂਚਨਾਵਾਂ ਦੀ ਸੁਰੱਖਿਆ ਸਮੇਤ 16 ਅਰਬ ਡਾਲਰ ਦੇ 14 ਖੇਤਰਾਂ ਵਿਚ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਭਾਰਤ ਦੀ ਯਾਤਰਾ 'ਤੇ ਆਏ ਫ਼ਰਾਂਸੀਸੀ ਰਾਸ਼ਟਰਪਤੀ ਇਮਾਨੁਏਲ ਮੈਕ੍ਰੋਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਵਫ਼ਦ ਪੱਧਰ ਦੀ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਦੋ-ਪੱਖੀ ਸਹਿਯੋਗ ਵਧਾਉਣ ਲਈ ਸਿਖਿਆ, ਨਸ਼ੀਲੇ ਪਦਾਰਥਾਂ ਦੀ ਰੋਕਥਾਮ, ਵਾਤਾਵਰਣ, ਰੇਲਵੇ, ਪੁਲਾੜ, ਸ਼ਹਿਰੀ ਵਿਕਾਸ ਅਤੇ ਕੁੱਝ ਹੋਰਨਾਂ ਖੇਤਰਾਂ ਵਿਚ ਵੀ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ। ਦੋਹਾਂ ਨੇਤਾਵਾਂ ਦੀ ਮੌਜੂਦਗੀ ਵਿਚ ਇਨ੍ਹਾਂ ਸਮਝੌਤਿਆਂ 'ਤੇ ਹਸਤਾਖ਼ਰ ਹੋਏ। 



ਸੱਭ ਤੋਂ ਮਹੱਤਵਪੂਰਨ ਕਰਾਰ ਰੱਖਿਆ ਖੇਤਰ ਵਿਚ ਕੀਤਾ ਗਿਆ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫ਼ੌਜਾਂ ਇਕ-ਦੂਜੇ ਦੇ ਫ਼ੌਜੀ ਟਿਕਾਣਿਆਂ ਦੀ ਵਰਤੋ ਅਤੇ ਫ਼ੌਜੀ ਸਾਜ਼ੋ-ਸਾਮਾਨ ਦਾ ਆਦਾਨ-ਪ੍ਰਦਾਨ ਕਰ ਸਕਣਗੀਆਂ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਇਨ੍ਹਾਂ ਸਮਝੌਤਿਆਂ 'ਤੇ ਹਸਤਾਖਰ ਕੀਤੇ। ਦੋਵਾਂ ਦੇਸ਼ਾਂ ਦੀਆਂ ਫੌਜੀ ਸਾਜ਼ੋ-ਸਾਮਾਨ ਦੀ ਸਪਲਾਈ, ਯੁੱਧ ਅਭਿਆਸ, ਟ੍ਰੇਨਿੰਗ, ਮਨੁੱਖੀ ਸਹਾਇਤਾ ਅਤੇ ਆਫਤ ਦੇ ਕੰਮਾਂ ਵਿਚ ਵੀ ਸਹਿਯੋਗ ਕਰਨਗੀਆਂ। ਅਮਰੀਕਾ ਤੋਂ ਬਾਅਦ ਫ਼ਰਾਂਸ ਦੂਜਾ ਦੇਸ਼ ਹੈ, ਜਿਸ ਦੇ ਨਾਲ ਭਾਰਤ ਨੇ ਇਸ ਤਰ੍ਹਾਂ ਦਾ ਸਮਝੌਤਾ ਕੀਤਾ ਹੈ।


ਲਗਭਗ 1 ਹਜ਼ਾਰ ਫ੍ਰੈਂਚ ਕੰਪਨੀਆਂ ਭਾਰਤ ਵਿਚ ਹਨ। ਲਗਭਗ 120 ਭਾਰਤੀ ਕੰਪਨੀਆਂ ਨੇ ਫ਼ਰਾਂਸ ਵਿਚ ਨਿਵੇਸ਼ ਕਰ ਰੱਖਿਆ ਹੈ। ਇਨ੍ਹਾਂ ਕੰਪਨੀਆਂ ਨੇ ਫ਼ਰਾਂਸ ਵਿਚ 8500 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਫ਼ਰਾਂਸ ਵਿਚ 7 ਹਜ਼ਾਰ ਲੋਕਾਂ ਨੂੰ ਨੌਕਰੀ ਦਿਤੀ ਹੈ। ਫ਼ਰਾਂਸ ਵਿਚ ਭਾਰਤੀ ਮੂਲ ਦੇ 1.1 ਲੱਖ ਲੋਕ ਰਹਿੰਦੇ ਹਨ। ਇਹ ਫ਼ਰਾਂਸੀਸੀ ਕਾਲੋਨੀ ਰਹੀ ਪੁੱਡੂਚੇਰੀ, ਕ੍ਰਾਈਕਲ ਅਤੇ ਮਾਹੇ ਦੇ ਹਨ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚ ਦੋ-ਪੱਖੀ ਸਬੰਧਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਿਚ ਸਹਿਮਤੀ ਹੈ ਅਤੇ ਫ਼ਰਾਂਸ ਦੇ ਨਾਲ ਸਬੰਧਾਂ ਦਾ ਗ੍ਰਾਫ ਉੱਚਾ ਹੀ ਜਾਂਦਾ ਹੈ, ਭਾਵੇਂ ਸਰਕਾਰ ਕਿਸੇ ਦੀ ਵੀ ਹੋਵੇ। ਮੋਦੀ ਨੇ ਕਿਹਾ ਕਿ ਰੱਖਿਆ, ਸੁਰੱਖਿਆ, ਪੁਲਾੜ ਅਤੇ ਉੱਚ ਟੈਕਨਾਲੋਜੀ ਵਿਚ ਭਾਰਤ ਅਤੇ ਫ਼ਰਾਂਸ ਦੇ ਦੋ-ਪੱਖੀ ਸਹਿਯੋਗ ਦਾ ਇਤਿਹਾਸ ਬਹੁਤ ਲੰਬਾ ਹੈ। ਇਹ ਸੰਜੋਗ ਮਾਤਰ ਨਹੀਂ ਹੈ ਕਿ ਇਹ ਲਿਬਰਟੀ ਇਕਵੈਲਿਟੀ ਅਤੇ ਫ੍ਰੈਟਰਨਿਟੀ ਦੀ ਗੂੰਜ ਫ਼ਰਾਂਸ ਵਿਚ ਹੀ ਨਹੀਂ, ਭਾਰਤ ਦੇ ਸੰਵਿਧਾਨ ਵਿਚ ਵੀ ਦਰਜ ਹੈ।


ਫ਼ਰਾਂਸ ਨੇ ਭਾਰਤ ਨਾਲ ਫ਼ੌਜੀ ਭਾਈਵਾਲੀ ਨੂੰ ਨਵੀਂ ਰਫ਼ਤਾਰ ਦੇਣ ਦੀ ਲੋੜ 'ਤੇ ਜ਼ੋਰ ਦਿਤਾ ਹੈ। ਭਾਰਤ ਦੀ ਯਾਤਰਾ 'ਤੇ ਆਏ ਫ਼ਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫ਼ਦ ਪੱਧਰ ਦੀ ਗੱਲਬਾਤ ਤੋਂ ਬਾਅਦ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਫ਼ੌਜੀ ਭਾਈਵਾਲੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਫ਼ਰਾਂਸ ਚਾਹੁੰਦਾ ਹੈ ਕਿ ਭਾਰਤ ਉਸ ਦਾ ਵੱਡਾ ਫ਼ੌਜੀ ਭਾਈਵਾਲ ਬਣੇ ਕਿਉਂਕਿ ਦੋਹਾਂ ਦੇਸ਼ਾਂ ਦਾ ਨਜ਼ਰੀਆ ਇਕ ਹੀ ਹੈ।



ਇਹ ਹੋਏ ਕਰਾਰ

* ਡਰੱਗਜ਼ ਦੀ ਤਸਕਰੀ ਅਤੇ ਉਸ ਦੀ ਰੋਕਥਾਮ

* ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ

* ਐਜੂਕੇਸ਼ਨ

* ਰੇਲਵੇ ਵਿਚ ਤਕਨੀਕੀ ਸਹਿਯੋਗ ਵਧਾਉਣਾ

* ਇੰਡੋ-ਫ਼ਰਾਂਸ ਰੇਲਵੇ ਫ਼ੋਰਮ ਦਾ ਗਠਨ

* ਆਰਮਡ ਫ਼ੋਰਸ ਵਿਚ ਲਾਜਿਸਟਿਕ ਸਪੋਰਟ

* ਵਾਤਾਵਰਣ

* ਅਰਬਨ ਡਿਵੈਲਪਮੈਂਟ

* ਖ਼ੁਫ਼ੀਆ ਜਾਣਕਾਰੀ ਨੂੰ ਤੀਜੇ ਪੱਖ ਨਾਲ ਸਾਂਝਾ ਨਹੀਂ ਕਰਨਾ

* ਮੈਰੀਟਾਈਮ ਅਵੇਅਰਨੈੱਸ ਮਿਸ਼ਨ

* ਨਿਊਕਲੀਅਰ ਪਾਵਰ ਵਿਚ ਸਹਿਯੋਗ

* ਹਾਈਡ੍ਰੋਗ੍ਰਾਫ਼ੀ ਅਤੇ ਮੈਰੀਟਾਈਮ ਕਾਰਟੋਗ੍ਰਾਫ਼ੀ ਵਿਚ ਸਹਿਯੋਗ

* ਸਮਾਰਟ ਸਿਟੀ ਪ੍ਰਾਜੈਕਟ ਵਿਚ ਸਹਿਯੋਗ

* ਸੋਲਰ ਐਨਰਜੀ