ਢਾਕਾ, 15
ਸਤੰਬਰ : ਭਾਰਤ ਨੇ ਬੰਗਲਾਦੇਸ਼ 'ਚ ਮਿਆਂਮਾਰ ਤੋਂ ਆਏ ਰੋਹਿੰਗਾ ਮੁਸਲਿਮ ਸ਼ਰਨਾਰਥੀਆਂ ਲਈ
ਅੱਜ 53 ਟਨ ਰਾਹਤ ਸਮਰਗੀ ਭੇਜੀ। ਗੁਆਂਢੀ ਬੌਧ ਬਹੁਗਿਣਤੀ ਦੇਸ਼ ਮਿਆਂਮਾਰ 'ਚ ਨਸਲੀ ਹਿੰਸਾ
ਤੋਂ ਬਾਅਦ ਇਹ ਰੋਹਿੰਗਾ ਮੁਸਲਿਮ ਵੱਡੀ ਗਿਣਤੀ 'ਚ ਬੰਗਲਾਦੇਸ਼ ਆ ਗਏ।
ਬੰਗਲਾਦੇਸ਼ ਨੇ
ਵੱਡੀ ਗਿਣਤੀ 'ਚ ਸ਼ਰਨਾਰਥੀਆਂ ਦੇ ਆਉਣ ਕਾਰਨ ਉਥੇ ਪੈਦਾ ਹੋਈ ਸਮੱਸਿਆਵਾਂ ਬਾਰੇ ਭਾਰਤ
ਨੂੰ ਸੂਚਿਤ ਕੀਤਾ ਸੀ, ਜਿਸ ਦੇ ਕੁਝ ਦਿਨ ਬਾਅਦ ਭਾਰਤ ਵਲੋਂ ਮਦਦ ਦੀ ਇਹ ਪਹਿਲੀ ਖੇਪ
ਪੁੱਜੀ ਹੈ। ਨਵੀਂ ਦਿੱਲੀ 'ਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਸੈਯਦ ਮੁਆਜ਼ੱਮ ਅਲੀ ਨੇ ਪਿਛਲੇ
ਹਫ਼ਤੇ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਨਾਲ ਮੁਲਾਕਾਤ ਕਰ ਕੇ ਰੋਹਿੰਗਾ ਮੁੱਦਿਆਂ ਬਾਰੇ
ਵਿਸਤਾਰ 'ਚ ਚਰਚਾ ਕੀਤੀ ਸੀ।
ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ
ਕਿਹਾ ਕਿ ਬੰਗਲਾਦੇਸ਼ 'ਚ ਵੱਡੀ ਗਿਣਤੀ ਵਿਚ ਆ ਰਹੇ ਸ਼ਰਨਾਰਥੀਆਂ ਕਾਰਨ ਪੈਦਾ ਹੋਏ ਮਨੁੱਖੀ
ਸੰਕਟ ਦੇ ਜਵਾਬ 'ਚ ਭਾਰਤ ਸਰਕਾਰ ਨੇ ਬੰਗਲਾਦੇਸ਼ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਇਸ
'ਚ ਕਿਹਾ ਗਿਆ ਹੈ ਕਿ ਰਾਹਤ ਸਮਗਰੀ 'ਚ ਪ੍ਰਭਾਵਤ ਲੋਕਾਂ ਲਈ ਲੋੜੀਂਦੇ ਸਾਮਾਨ ਜਿਵੇਂ
ਚੌਲ, ਦਾਲ, ਚੀਨੀ, ਲੂਣ, ਤੇਲ, ਚਾਹ, ਨੂਡਲਜ਼, ਬਿਸਕੁਟ, ਮੱਛਰਦਾਨੀ ਸ਼ਾਮਲ ਹਨ। ਦੂਤਘਰ ਨੇ
ਟਵੀਟ ਕੀਤਾ, ''ਪੀੜ੍ਹਤਾਂ ਲਈ 53 ਟਨ ਭਾਰਤੀ ਸਹਾਇਤਾ ਦੀ ਪਹਿਲੀ ਖੇਪ ਬੰਗਲਾਦੇਸ਼
ਪੁੱਜੀ। ਭਾਰਤ ਬੰਗਲਾਦੇਸ਼ ਨੂੰ 7000 ਟਨ ਰਾਹਤ ਸਮਰਗੀ ਉਪਲੱਬਧ ਕਰਵਾਏਗਾ।'' ਸਹਾਇਤਾ
ਸਮਗਰੀ ਲੈ ਕੇ ਆਏ ਭਾਰਤੀ ਜਹਾਜ਼ ਦੇ ਦੱਖਣ-ਪੂਰਬ ਸ਼ਹਿਰ ਚਟਗਾਉਂ 'ਚ ਉਤਰਨ ਮਗਰੋਂ
ਬੰਗਲਾਦੇਸ਼ ਦੇ ਸੜਕੀ ਆਵਾਜਾਈ ਮੰਤਰੀ ਓਬੈਦੁਲ ਕਾਦਰ ਨੇ ਭਾਰਤੀ ਹਾਈ ਕਮਿਸ਼ਨਰ ਹਰਸ਼ਵਰਧਨ
ਸਿੰਘਲ ਤੋਂ ਰਾਹਤ ਸਮਰਗੀ ਪ੍ਰਾਪਤ ਕੀਤੀ। (ਪੀਟੀਆਈ)