ਭਾਰਤ, ਨੇਪਾਲ ਤੇ ਬੰਗਲਾਦੇਸ਼ 'ਚ ਹੜ੍ਹ ਕਾਰਨ 1.60 ਕਰੋੜ ਬੱਚੇ ਪ੍ਰਭਾਵਤ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ, 3 ਸਤੰਬਰ : ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਕਿਹਾ ਹੈ ਕਿ ਭਾਰਤ, ਬੰਗਲਾਦੇਸ਼ ਅਤੇ ਨੇਪਾਲ ਵਿਚ ਲਗਭਗ 1 ਕਰੋੜ 60 ਲੱਖ ਬੱਚਿਆਂ ਨੂੰ ਉਥੇ ਆਏ ਵਿਨਾਸ਼ਕਾਰੀ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ।
ਦਖਣੀ ਏਸ਼ੀਆ ਲਈ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੀ ਖੇਤਰੀ ਡਾਇਰੈਕਟਰ ਜੀਨ ਗੋਗ ਨੇ ਕਿਹਾ, ''ਇਨ੍ਹਾਂ ਵਿਨਾਸ਼ਕਾਰੀ ਹੜ੍ਹਾਂ ਕਾਰਨ ਲੱਖਾਂ ਬੱਚਿਆਂ ਦੀ ਜਾਨ ਚੱਲੀ ਜਾਂਦੀ ਹੈ।'' ਉਨ੍ਹਾਂ ਕਿਹਾ ਕਿ ਬੱਚੇ ਅਪਣੇ ਘਰਾਂ, ਸਕੂਲਾਂ ਅਤੇ ਇਥੋਂ ਤਕ ਕਿ ਅਪਣੇ ਦੋਸਤਾਂ ਨੂੰ ਵੀ ਗੁਆ ਦਿੰਦੇ ਹਨ। ਇਹ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ, ਜਦੋਂ ਮੀਂਹ ਪੈਣਾ ਜਾਰੀ ਰਹਿੰਦਾ ਹੈ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।
ਨੇਪਾਲ, ਭਾਰਤ ਅਤੇ ਬੰਗਲਾਦੇਸ਼ 'ਚ ਕਈ ਹਫ਼ਤੇ ਤਕ ਪੈਣ ਵਾਲਾ ਭਾਰੀ ਮੀਂਹ ਅਤੇ ਵਿਨਾਸ਼ਕਾਰੀ ਹੜ੍ਹ ਨਾਲ ਲੱਖਾਂ ਬੱਚਿਆਂ ਅਤੇ ਪਰਵਾਰਾਂ ਦਾ ਜੀਵਨ ਤਹਿਸ-ਨਹਿਸ ਹੋ ਜਾਂਦਾ ਹੈ। ਯੂਨੀਸੇਫ ਦਾ ਅਨੁਮਾਨ ਹੈ ਕਿ ਲਗਭਗ 1 ਕਰੋੜ 60 ਲੱਖ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਤੁਰਤ ਜੀਵਨ ਰੱਖਿਅਕ ਮਦਦ ਦੀ ਲੋੜ ਹੈ। ਅਗੱਸਤ 'ਚ ਘੱਟੋ-ਘੱਟ 1288 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ ਸੜਕਾਂ, ਪੁਲਾਂ, ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ਦੇ ਨੁਕਸਾਨੇ ਜਾਣ ਕਾਰਨ ਜਨਤਾ ਨਾਲ ਸੰਪਰਕ ਟੁੱਟ ਗਿਆ ਹੈ। ਬੱਚਿਆਂ ਲਈ ਸਾਫ਼ ਪਾਣੀ, ਬੀਮਾਰੀ ਦੇ ਫ਼ੈਲਣ ਤੋਂ ਰੋਕਣ ਲਈ ਜ਼ਰੂਰੀ ਸਾਮਾਨ ਅਤੇ ਹੜ੍ਹ ਤੋਂ ਬਾਅਦ ਬੱਚਿਆਂ ਨੂੰ ਜਿਨ੍ਹਾਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ, ਉਥੇ ਉਨ੍ਹਾਂ ਦੇ ਖੇਡਣ ਲਈ ਸੁਰੱਖਿਅਤ ਥਾਂ ਤੁਰਤ ਉਪਲੱਬਧ ਕਰਵਾਏ ਜਾਣ ਦੀ ਲੋੜ ਹੈ।
ਭਾਰਤ 'ਚ ਹੜ੍ਹ ਕਾਰਨ ਦੇਸ਼ ਦੇ ਉੱਤਰੀ ਹਿੱਸੇ ਦੇ 4 ਸੂਬੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਅਤੇ ਇਨ੍ਹਾਂ 'ਚ ਲਗਭਗ 1 ਕਰੋੜ 20 ਲੱਖ ਬੱਚਿਆਂ ਸਮੇਤ 3 ਕਰੋੜ 10 ਲੱਖ ਲੋਕ ਪ੍ਰਭਾਵਤ ਹੋਏ ਹਨ। ਇਨ੍ਹਾਂ ਵਿਚ 8,05,183 ਮਕਾਨ ਨੁਕਸਾਨੇ ਗਏ ਅਤੇ 15,455 ਸਕੂਲ ਨੁਕਸਾਨੇ ਗਏ। ਇਸ ਨਾਲ ਤਕਰੀਬਨ 10 ਲੱਖ ਵਿਦਿਆਰਥੀਆਂ ਦੀ ਸਿਖਿਆ 'ਚ ਵੱਡੀ ਰੁਕਾਵਟ ਪੈਦਾ ਹੋਈ ਹੈ। ਮੁੰਬਈ ਵਿਚ ਭਾਰੀ ਮੀਂਹ ਦੇ ਡੁੱਬਣ ਕਾਰਨ 5 ਲੋਕਾਂ ਦੀ ਮੌਤ ਹੋਈ ਅਤੇ ਮਕਾਨ ਢਹਿਣ ਕਾਰਨ ਦੋ ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ।
ਬੰਗਲਾਦੇਸ਼ 'ਚ ਹੜ੍ਹ ਕਾਰਨ 80 ਲੱਖ ਤੋਂ ਵਧ ਲੋਕ ਪ੍ਰਭਾਵਤ ਹੋਏ, ਜਿਨ੍ਹਾਂ ਵਿਚ 30 ਲੱਖ ਬੱਚੇ ਸ਼ਾਮਲ ਹਨ। ਇਥੇ 6,96,169 ਮਨਾਕ ਨੁਕਸਾਨੇ ਗਏ। ਹੜ੍ਹ ਕਾਰਨ 2292 ਸਕੂਲ ਵੀ ਤਬਾਹ ਹੋ ਗਏ। ਦੇਸ਼ 'ਚ ਗੰਦੇ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਮਾਰੀਆਂ ਦੇ 13,035 ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ। (ਪੀਟੀਆਈ)