ਨਵੀਂ ਦਿੱਲੀ : ਭਾਰਤ ਅਤੇ ਈਰਾਨ ਨੇ ਆਪਸੀ ਸਹਿਯੋਗ ਲਈ ਸ਼ਨੀਵਾਰ 9 ਸਮਝੌਤਿਆਂ 'ਤੇ ਹਸਤਾਖਰ ਕੀਤੇ, ਨਾਲ ਹੀ ਸੂਫੀਵਾਦ ਦੀ ਸ਼ਾਂਤੀ ਅਤੇ ਸਹਿਨਸ਼ੀਲਤਾ ਦੀ ਸਾਂਝੀ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ ਅੱਤਵਾਦ ਅਤੇ ਕੱਟੜਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਰੋਕਣ ਪ੍ਰਤੀ ਵਚਨਬੱਧਤਾ ਪ੍ਰਗਟਾਈ।
ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਸਥਾਨਕ ਹੈਦਰਾਬਾਦ ਹਾਊਸ ਵਿਖੇ ਵਫਦ ਪੱਧਰ ਦੀ ਹੋਈ ਗੱਲਬਾਤ ਦੌਰਾਨ ਦੋਹਾਂ ਧਿਰਾਂ ਨੇ ਇਹ ਵਚਨਬੱਧਤਾ ਪ੍ਰਗਟ ਕੀਤੀ।
ਦੋਹਾਂ ਦੇਸ਼ਾਂ ਨੇ ਜਿਨ੍ਹਾਂ ਦਸਤਾਵੇਜ਼ਾਂ 'ਤੇ ਹਸਤਾਖਰ ਕੀਤੇ, ਉਨ੍ਹਾਂ ਵਿਚ ਦੋਹਰੀ ਟੈਕਸ ਪ੍ਰਣਾਲੀ ਅਤੇ ਮਾਲੀਏ ਦੀ ਚੋਰੀ ਤੋਂ ਬਚਣ, ਹਵਾਲਗੀ ਸੰਧੀ 'ਤੇ ਅਮਲ ਕਰਨ ਸਬੰਧੀ ਦਸਤਾਵੇਜ਼, ਰਵਾਇਤੀ ਚਿਕਿਤਸਾ ਪ੍ਰਣਾਲੀ, ਸਿਹਤ ਅਤੇ ਮੈਡੀਕਲ, ਖੇਤੀਬਾੜੀ ਅਤੇ ਸਬੰਧਤ ਖੇਤਰ, ਡਾਕ ਖੇਤਰ 'ਚ ਸਹਿਯੋਗ ਅਤੇ ਡਿਪਲੋਮੈਟਿਕ ਪਾਸਪੋਰਟ ਹੋਲਡਰਾਂ ਨੂੰ ਵੀਜ਼ਾ ਲੈਣ ਤੋਂ ਛੋਟ ਦੇਣ ਦੇ ਨਾਲ-ਨਾਲ ਚਾਬਹਾਰ ਯੋਜਨਾ ਅਧੀਨ ਸ਼ਾਹਿਦ ਬੇਹੇਸਤੀ ਬੰਦਰਗਾਹ ਦੇ ਪਟੇ ਨੂੰ ਭਾਰਤ ਨੂੰ ਦੇਣ ਦਾ ਸਮਝੌਤਾ ਸ਼ਾਮਲ ਹੈ।
ਇਸ 'ਚ ਭਾਰਤ ਨੂੰ 18 ਮਹੀਨਿਆਂ ਤਕ ਇਸ ਬੰਦਰਗਾਹ ਨੂੰ ਚਲਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਮੋਦੀ ਨੇ ਬਾਅਦ ਵਿਚ ਜਾਰੀ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਰੁਹਾਨੀ ਦੀ ਯਾਤਰਾ ਨਾਲ ਭਾਰਤ ਅਤੇ ਈਰਾਨ ਦੇ ਹਜ਼ਾਰਾਂ ਸਾਲ ਪੁਰਾਣੇ ਸਬੰਧਾਂ 'ਚ ਹੋਰ ਮਜ਼ਬੂਤੀ ਆਈ ਹੈ।