ਲੰਡਨ: ਸਿੱਖ ਫੈਡਰੇਸ਼ਨ ਯੂ. ਕੇ. ਨੇ ਕੁਝ ਮੀਡੀਆ 'ਚ ਛਪੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਭਾਰਤੀ ਅਧਿਕਾਰੀਆਂ ਦੇ ਯੂ. ਕੇ. ਦੇ ਗੁਰੂ ਘਰਾਂ ਵਿਚ ਜਾਣ 'ਤੇ ਪਾਬੰਦੀ ਅਜੇ ਲਾਗੂ ਨਹੀਂ ਹੋਈ। ਇਸ ਸਬੰਧੀ ਬਰਮਿੰਘਮ ਦੇ ਇਕ ਗੁਰੂ ਘਰ ਵਿਖੇ ਮੀਟਿੰਗ ਹੋ ਰਹੀ ਹੈ। ਇਸ ਤੋਂ ਬਾਅਦ ਹੀ ਰੂਪ-ਰੇਖਾ ਤਿਆਰ ਹੋਵੇਗੀ।
ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਸ ਹੈ ਕਿ 100 ਤੋਂ ਵਧ ਗੁਰੂ ਘਰ ਇਸ ਐਲਾਨ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਫੈਡਰੇਸ਼ਨ ਯੂ.ਕੇ. ਨੂੰ ਇੰਗਲੈਂਡ 'ਚ ਭਰਵਾਂ ਸਹਿਯੋਗ ਪ੍ਰਾਪਤ ਹੈ।
ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਜੌਹਲ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਸਿੱਖਾਂ ਅੰਦਰ ਰੋਸ ਹੈ। ਦੂਜੇ ਪਾਸੇ ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਗੁਰਦੁਆਰਾ ਇਬਾਦਤ ਦਾ ਅਸਥਾਨ ਹੈ ਅਤੇ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਸਾਊਥਾਲ ਦੇ ਇਕ ਗੁਰੂ ਘਰ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਤਸਵੀਰ ਵਾਲੀ ਇਕ ਖ਼ਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਸਬੰਧੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਕਿਹਾ ਕਿ ਗੁਰੂ ਘਰ ਵੱਲੋਂ ਨਾ ਤਾਂ ਕਿਸੇ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਨਾ ਹੀ ਇਥੇ ਬੀਤੇ ਦਿਨੀਂ ਕੋਈ ਭਾਰਤੀ ਅਧਿਕਾਰੀ ਆਇਆ ਹੈ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਮੀਡੀਆ ਨੇ ਬੇਵਜ੍ਹਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਤਸਵੀਰ ਛਾਪ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਵੱਲੋਂ ਇਸ ਮਾਮਲੇ ਵਿਚ 7 ਜਨਵਰੀ ਨੂੰ ਮੀਟਿੰਗ ਕੀਤੀ ਗਈ, ਜਿਸ ਦੌਰਾਨ ਇਸ ਸਬੰਧ ਕੁਲਦੀਪ ਸਿੰਘ ਚਹੇੜੂ, ਜੋਗਾ ਸਿੰਘ ਅਤੇ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਹੀ ਉਹ ਇਸ ਸਬੰਧੀ ਬਿਆਨ ਦੇਣਗੇ।