ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵਿਆਹ ਯਾਦਗਾਰ ਰਹੇ। ਇੱਥੋਂ ਤੱਕ ਕਿ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਹਰ ਕੋਈ ਵੱਖ-ਵੱਖ ਤਰ੍ਹਾਂ ਦੀ ਕੋਸ਼ਿਸ ਕਰਦਾ ਹੈ ਪਰ ਤਾਮਿਲਨਾਡੂ ਦੇ ਰਹਿਣ ਵਾਲੇ ਸੁਬਰਮਨੀ ਨੇ ਆਪਣੇ ਵਿਆਹ ਨੂੰ ਕੁਝ ਇੰਝ ਸਪੈਸ਼ਲ ਬਣਾ ਦਿੱਤਾ। ਉਸ ਨੇ ਇਟਲੀ ਦੀ ਰਹਿਣ ਵਾਲੀ ਫਲਾਵਿਆ ਨਾਲ ਹਿੰਦੂ ਰੀਤੀ-ਰਿਵਾਜ਼ ਨਾਲ ਵਿਆਹ ਰਚਾਇਆ।
ਦੋਵਾਂ ਦੀ ਲਵ ਸਟੋਰੀ ਵੀ ਕਾਫੀ ਸ਼ਾਨਦਾਰ ਹੈ।ਸੁਬਰਮਨੀ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਚੀਨ ਦੀ ਇਕ ਭਾਰਤੀ ਸਾਫਟਵੇਅਰ ਫਰਮ ਵਿਚ ਕੰਮ ਕਰਦਾ ਹੈ। ਉਸ ਦੀ ਪਹਿਲੀ ਵਾਰ ਇਟਲੀ ਦੀ ਰਹਿਣ ਵਾਲੀ ਫਲਾਵਿਆ ਗੁਲਿਆਨੇਲੀ ਨਾਲ ਮੁਲਾਕਾਤ ਚੀਨ ਦੇ ਇਕ ਇਵੈਂਟ ਵਿਚ ਹੋਈ ਅਤੇ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ।
ਦੱਸਣਯੋਗ ਹੈ ਕਿ ਫਲਾਵੀਆ ਵੀ ਚੀਨ ਵਿਚ ਹੀ ਨੌਕਰੀ ਕਰਦੀ ਹੈ। ਜਿਸ ਤੋਂ ਬਾਅਦ ਸੁਬਰਮਨੀ ਨੇ ਫੈਸਲਾ ਕੀਤਾ ਕਿ ਦੋਵੇਂ ਵਿਆਹ ਰਚਾਉਣਗੇ ਅਤੇ ਵਿਆਹ ਇਕ ਮੈਰਿਜ ਹਾਲ ਵਿਚ ਹੋਵੇਗਾ। ਐਤਵਾਰ ਨੂੰ ਸੁਬਰਮਨੀ ਨੇ ਭਾਰਤ ਦੇ ਨਾਗਰਕੋਈਲ (Nagercoil) ਵਿਚ ਫਲਾਵੀਆ ਨੂੰ ਪਰੰਪਰਿਕ ਸੰਗੀਤ ਦੌਰਾਨ ਮੰਗਲਸੂਤਰ ਪਹਿਨਾ ਕੇ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਰਚਾਇਆ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਦੋਵਾਂ ਨੂੰ ਆਸ਼ੀਰਵਾਦ ਦਿੱਤਾ।
ਅੱਗੇ ਫਲਾਵਿਆ ਨੇ ਪੱਤਰਕਾਰਾਂ ਨੂੰ ਦੱਸਿਆ, 'ਮੈਂ ਵਿਆਹ ਤੋਂ ਕਾਫੀ ਖੁਸ਼ ਹਾਂ। ਮੈਨੂੰ ਭਾਰਤੀ ਵਿਆਹ ਵਿਚ ਪਹਿਨੇ ਜਾਣ ਵਾਲੇ ਕੱਪੜੇ ਕਾਫੀ ਪਸੰਦ ਹਨ। ਮੈਨੂੰ ਦੇਸ਼, ਸੰਸਕ੍ਰਿਤੀ, ਖੂਬਸੂਰਤ ਮੰਦਰ ਅਤੇ ਸੰਗੀਤ ਕਾਫੀ ਚੰਗਾ ਲੱਗਦਾ ਹੈ।'