ਨਿਊਯਾਰਕ,
9 ਸਤੰਬਰ : ਭਾਰਤੀ ਮੂਲ ਦੇ ਚਾਰ ਲੋਕਾਂ ਨੇ ਭਾਰਤ ਤੋਂ ਸੰਚਾਲਿਤ ਕਾਲ ਸੈਂਟਰਾਂ ਵਲੋਂ
ਅਮਰੀਕਾ ਵਿਚ ਮਨੀ ਲਾਂਡਰਿੰਗ ਅਤੇ ਟੈਲੀਫੋਨ ਰਾਹੀਂ ਧੋਖਾਧੜੀ ਵਿਚ ਸ਼ਮੂਲੀਅਤ ਦੀ ਗੱਲ
ਸਵੀਕਾਰ ਕੀਤੀ ਹੈ।
ਨਿਊ ਜਰਸੀ ਦੇ ਨਿਸਰਗ ਪਟੇਲ (26) , ਫ਼ਲੋਰਿਡਾ ਦੇ ਦਿਲੀਪ ਕੁਮਾਰ ਰਮਨਲਾਲ ਪਟੇਲ (30) ਅਤੇ ਐਰੀਜੋਨਾ ਦੇ ਰਾਜੇਸ਼ ਕੁਮਾਰ (39) ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜਿਸ਼ ਰਚਣ ਦੀ ਗੱਲ ਸਵੀਕਾਰ ਕੀਤੀ ਹੈ। ਦਖਣੀ ਰਾਜ ਟੈਕਸਾਸ ਦੇ ਅਮਰੀਕੀ ਡਿਸਟ੍ਰਿਕ ਜੱਜ ਡੇਵਿਡ ਹਿਟਨਰ ਦੇ ਸਾਹਮਣੇ ਪਟੀਸ਼ਨ ਦਾਖ਼ਲ ਕਰ ਕੇ ਦੋਸ਼ੀਆਂ ਨੇ ਦੋਸ਼ ਮੰਨਿਆ। ਇਨ੍ਹਾਂ ਤਿੰਨਾਂ ਨੂੰ ਅਕਤੂਬਰ 2016 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਸਮੂਹ ਹਿਰਾਸਤ ਵਿਚ ਹੈ।
ਇਸ ਤੋਂ ਸਬੰਧਤ ਮਾਮਲੇ 'ਚ ਪੇਂਸੀਲਵੇਨਿਆ ਦੇ ਦੀਪਕ ਕੁਮਾਰ ਸੰਕਲਚੰਦ ਪਟੇਲ ਨੇ ਵੀ ਮਨੀ ਲਾਂਡਰਿੰਗ ਕਰਨ ਦੀ ਸਾਜਿਸ਼ ਰਚਣ ਦੀ ਗੱਲ ਸਵੀਕਾਰ ਕੀਤੀ ਹੈ। ਉਸ ਨੂੰ ਇਸ ਸਾਲ ਮਈ ਮਹੀਨੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਉਦੋਂ ਤੋਂ ਉਹ ਸਮੂਹ ਹਿਰਾਸਤ ਵਿਚ ਸੀ। ਭਾਰਤ ਤੋਂ ਸੰਚਾਲਤ ਪੰਜ ਕਾਲ ਸੈਂਟਰਾਂ ਤੋਂ ਇਲਾਵਾ, ਨਿਸਰਗ, ਦਲੀਪ ਅਤੇ ਰਾਜੇਸ਼ ਅਤੇ 53 ਹੋਰ ਲੋਕਾਂ 'ਤੇ ਮਨੀ ਲਾਂਡਰਿੰਗ ਯੋਜਨਾ ਦੇ ਰਾਹੀਂ ਅਮਰੀਕੀ ਲੋਕਾਂ ਨੂੰ ਧੋਖਾ ਦੇਣ ਦਾ ਇਲਜ਼ਾਮ ਹੈ।
ਇਨ੍ਹਾਂ ਲੋਕਾਂ ਨੇ ਅਪਣੀ ਪਟੀਸ਼ਨ ਵਿਚ ਇਹ ਗੱਲ ਸਵੀਕਾਰ
ਕੀਤੀ ਹੈ ਕਿ ਉਨ੍ਹਾਂ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਕ ਯੋਜਨਾ ਬਣਾਈ, ਜਿਸ 'ਚ
ਅਹਿਮਦਾਬਾਦ ਸਥਿਤ ਕਾਲ ਸੈਂਟਰ ਦੇ ਲੋਕ ਅਮਰੀਕਾ ਵਿਚ ਰਹਿਣ ਵਾਲੇ ਲੋਕਾਂ ਨੂੰ ਫ਼ੋਨ
ਲਗਾਉਂਦੇ ਸਨ ਅਤੇ ਅਪਣੇ ਆਪ ਨੂੰ ਇੰਟਰਨਲ ਰੇਵੇਨਿਊ ਸਰਵਿਸ ਅਤੇ ਸਿਟੀਜਨਸ਼ਿਪ ਐਂਡ
ਇਮੀਗ੍ਰੇਸ਼ਨ ਸਰਵਿਸ ਦਾ ਅਧਿਕਾਰੀ ਦਸਦੇ ਸਨ। ਡਾਟਾ ਦਲਾਲਾਂ ਅਤੇ ਹੋਰ ਸੂਤਰਾਂ ਤੋਂ ਉਹ
ਲੋਕਾਂ ਦੇ ਬਾਰੇ ਜਾਣਕਾਰੀ ਜੁਟਾ ਕੇ ਉਨ੍ਹਾਂ ਨੂੰ ਅਮਰੀਕੀ ਸਰਕਾਰ ਦਾ ਪੈਸਾ ਚੁਕਾਉਣ
ਬਾਰੇ ਧਮਕੀਆਂ ਦਿੰਦੇ ਸਨ। (ਪੀਟੀਆਈ)