ਬੀ.ਬੀ.ਸੀ. ਪੰਜਾਬੀ ਦੀ ਸ਼ੁਰੂਆਤ ਮਗਰੋਂ ਪੰਜਾਬੀਆਂ 'ਚ ਖ਼ੁਸ਼ੀ ਦੀ ਲਹਿਰ

ਖ਼ਬਰਾਂ, ਕੌਮਾਂਤਰੀ

ਲੰਦਨ, 24 ਅਕਤੂਬਰ (ਹਰਜੀਤ ਸਿੰਘ ਵਿਰਕ) :“ਪੰਜਾਬ ਦੇ ਨੌਜਵਾਨਾਂ ਵਲੋਂ ਅਪਣੀ ਮਾਂ ਬੋਲੀ ਪੰਜਾਬੀ ਨੂੰ ਬੇਦਾਵਾ ਦਿੰਦੇ ਹੋਏ ਪੰਜਾਬ ਦੀਆਂ ਮੁੱਖ ਸੜਕਾਂ 'ਤੇ ਹੋਈ ਪੰਜਾਬੀ ਬੋਲੀ ਦੀ ਬੇਕਦਰੀ ਨੂੰ ਪੰਜਾਬ ਦੇ ਬੇ-ਗੈਰਤ ਅਤੇ ਮਰੀ ਜ਼ਮੀਰ ਵਾਲੇ ਸਮੂਹ ਅਖੌਤੀ ਪੰਜਾਬੀ ਸੰਗਠਨਾਂ, ਸੰਸਥਾਵਾਂ, ਵਿਦਿਅਕ ਅਦਾਰਿਆਂ, ਪ੍ਰਿੰਟ ਮੀਡੀਆ, ਗਾਇਕਾਂ, ਲੇਖਕਾਂ ਅਤੇ ਹੋਰ ਅਖੌਤੀ ਚਹੇਤਿਆਂ ਵਲੋਂ ਬੇਸ਼ਰਮੀ ਦੀ ਹੱਦ ਤਕ ਡਿਗਦਿਆਂ ਸਾਰੇ ਮਾਮਲੇ 'ਤੇ ਚੁੱਪੀ ਧਾਰੀ ਰੱਖੀ ਪਰ ਕੁਝ ਜੁਝਾਰੂ ਨੌਜਵਾਨਾਂ ਵਲੋਂ ਮੁੱਖ ਸੜਕਾਂ 'ਤੇ ਜਿਸ ਬਹਾਦਰੀ ਅਤੇ ਹਿੰਮਤ ਨਾਲ ਹਿੰਦੀ ਅਤੇ ਅੰਗਰੇਜ਼ੀ 'ਤੇ ਕਾਲਖ ਪੋਤ ਕੇ ਅੰਨ੍ਹੀ ਪੰਜਾਬ ਸਰਕਾਰ ਨੂੰ ਜਗਾਇਆ, ਇਹ ਕਾਬਿਲੇ ਤਾਰੀਫ਼ ਹੈ।ਇਨ੍ਹਾਂ ਭਾਵਨਵਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਵਿਕਾਸ ਮੰਚ ਯੂ.ਕੇ. ਦੇ ਸੰਚਾਲਕ ਸ਼ਿੰਦਰਪਾਲ ਸਿੰਘ ਮਾਹਲ ਨੇ ਕਿਹਾ ਬ੍ਰਿਟੇਨ ਸਮੇਤ ਸੰਸਾਰ ਭਰ ਦੇ ਪੰਜਾਬੀਆਂ ਵਲੋਂ ਇਹ ਖ਼ਬਰ ਬਹੁਤ ਹੀ ਮਾਣ ਅਤੇ ਚਾਵਾਂ ਨਾਲ ਪੜ੍ਹੀ ਜਾਵੇਗੀ ਕਿ ਸੰਸਾਰ ਦੀ ਨਾਮਵਰ ਸੰਚਾਰ ਸੰਸਥਾ ਬੀ.ਬੀ.ਸੀ. ਵਲੋਂ ਪੰਜਾਬੀ ਨੂੰ ਬਾਕੀ ਦੀਆਂ 39 ਭਾਸ਼ਾਵਾਂ 'ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦਾ ਸਿਹਰਾ ਬਰਤਾਨੀਆ ਦੇ ਸਮੂਹ ਪੰਜਾਬੀਆਂ, ਵਿਕਾਸ ਮੰਚ, ਯੂ.ਕੇ. ਅਤੇ ਬੀ.ਬੀ.ਸੀ. ਦੇ ਸਾਂਝੇ ਯਤਨ ਕਰਨ ਵਾਲਿਆਂ ਦੇ ਸਿਰ ਬੱਝਦਾ ਹੈ। ਪੰਜਾਬੀ ਭਾਸ਼ਾ ਦੀ ਮੰਗ ਲਈ ਪਟੀਸ਼ਨ ਦੇ ਅਰੰਭ-ਕਰਤਾ ਸ਼ਿੰਦਰ ਪਾਲ ਸਿੰਘ ਮਾਹਲ ਵਲੋਂ ਪੰਜਾਬੀ ਵਿਕਾਸ ਦੀ ਟੀਮ ਸਮੇਤ ਲੰਦਨ ਸਥਿਤ ਮੁੱਖ ਦਫ਼ਤਰ ਵਿਖੇ ਬੀ.ਬੀ.ਸੀ. ਦੀ 'ਸੰਸਾਰ ਸੇਵਾ ਸਮੂਹ' ਦੀ ਟੀਮ ਨਾਲ ਮੁਲਾਕਾਤ ਕੀਤੀ।ਮੰਚ ਦੇ ਪ੍ਰਧਾਨ ਡਾ. ਬਲਦੇਵ ਸਿੰਘ ਕੰਦੋਲਾ ਸਮੇਤ ਸਮੂਹ ਮੈਂਬਰਾਂ ਨੇ ਖ਼ੁਸ਼ੀਆਂ ਤੇ ਚਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਬੀ.ਬੀ.ਸੀ. ਦੇ ਸਬੰਧਾਂ ਨੂੰ ਲੈ ਕੇ ਇਹ ਇਕ ਅਹਿਮ ਇਤਿਹਾਸਕ ਘਟਨਾ ਹੈ।  

ਪੰਜਾਬੀ ਵਿਕਾਸ ਮੰਚ ਦੇ ਇਹ ਦੋਵੇਂ ਪ੍ਰਤੀਨਿਧ ਅਪਣੇ ਵਫ਼ਦ ਸਮੇਤ, ਬੀ.ਬੀ.ਸੀ. ਦੇ ਵਿਸ਼ੇਸ਼ ਸੱਦੇ 'ਤੇ ਉਚੇਚੇ ਤੌਰ ਉਤੇ ਦਸਤਖ਼ਤਾਂ ਵਾਲੀ ਪਟੀਸ਼ਨ ਵੀ ਭੇਂਟ ਕਰਨ ਵਾਸਤੇ ਨਾਲ ਲੈ ਕੇ ਆਏ ਸਨ।ਦੱਸਣਯੋਗ ਹੈ ਕਿ“ਬੀ.ਬੀ.ਸੀ. ਸੰਸਾਰ ਸੇਵਾ ਨਾਲ ਤਿੰਨ ਘੰਟੇ ਚੱਲਣ ਵਾਲੀ ਇਸ ਅਹਿਮ ਮੁਲਾਕਾਤ ਦੌਰਾਨ ਪੰਜਾਬੀ ਭਾਸ਼ਾ ਵਿਕਾਸ ਮੰਚ ਦੇ 9 ਮੈਂਬਰੀ ਵਫ਼ਦ ਵਿਚ ਇਨ੍ਹਾਂ ਦੋਨਾਂ ਤੋਂ  ਇਲਾਵਾ ਸਰਦੂਲ ਸਿੰਘ ਮਾਰਵਾ ਐਮ.ਬੀ.ਈ., ਡਾ. ਮੁਹਿੰਦਰ ਗਿੱਲ, ਮਨਮੋਹਨ ਸਿੰਘ ਮੋਹਨ, ਕੌਂਸਲਰ ਇੰਦਰਜੀਤ ਸਿੰਘ ਗੁਗਨਾਨੀ, ਜਰਨੈਲ ਸਿੰਘ ਭੋਗਲ, ਦਵਿੰਦਰ ਸਿੰਘ ਢੇਸੀ, ਮਨਪ੍ਰੀਤ ਸਿੰਘ ਬਧਨੀ ਕਲਾਂ ਤੋਂ ਇਲਾਵਾ ਬੀ.ਬੀ.ਸੀ. ਸੰਸਾਰ ਸੇਵਾ ਸਮੂਹ ਦੀ ਮੁਖੀ ਫਰਾਨ ਅਨਸਵਰਥ, ਮਰੀ ਹੇਲੀ, ਸਹਾਇਕ, ਜੁਲੀਆਨਾ ਆਈਊਟੀ, ਈਅਨ ਹੈਡੋ ਸੰਪਾਦਕ ਏਸ਼ੀਆ, ਰੂਪਾ ਸਚਕ, ਏਸ਼ੀਅਨ ਵਿਭਾਗ ਦੀ ਵਿਸਥਾਰ ਟੀਮ ਮੁਖੀ ਨੇ ਭਾਗ ਲਿਆ।ਬੀ.ਬੀ.ਸੀ. ਅਧਿਕਾਰੀਆਂ ਵਲੋਂ ਮੰਚ ਦੀ ਦਿਲਚਸਪੀ ਨੂੰ ਹਰ ਤਰਾਂ ਹਾਂ ਪੱਖੀ ਹੁੰਗਾਰਾ ਦਿਤਾ ਗਿਆ। ਉਨ੍ਹਾਂ ਦਸਿਆ ਕਿ ਪੰਜਾਬੀ ਸਮੇਤ ਤਿੰਨ ਭਾਰਤੀ ਅਤੇ ਸੱਤ ਹੋਰ ਭਾਸ਼ਾਵਾਂ 'ਚ ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ ਅਤੇ ਇਹ ਪਿਛਲੇ 40 ਸਾਲਾਂ 'ਚ ਬੀ.ਬੀ.ਸੀ. ਦਾ ਇਹ ਪਹਿਲਾ ਵੱਡਾ ਵਿਸਥਾਰ ਹੈ। ਉਨ੍ਹਾਂ ਇਹ ਵੀ ਦਸਿਆ ਕਿ ਬੀ.ਬੀ.ਸੀ. ਵਲੋਂ ਦਿੱਲੀ, ਚੰਡੀਗੜ੍ਹ, ਜਲੰਧਰ 'ਚ ਵੀ ਦਫ਼ਤਰ ਬਣਾਏ ਗਏ ਹਨ।