ਬਿਹਤਰ ਮਲੇਰੀਆ ਟੀਕਾ ਬਣਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੈ ਕਾਰਬੋਹਾਈਡ੍ਰੇਟਸ : ਅਧਿਐਨ

ਖ਼ਬਰਾਂ, ਕੌਮਾਂਤਰੀ

ਮੈਲਬਰਨ,  16 ਸਤੰਬਰ : ਵਿਗਿਆਨੀਆਂ ਨੇ ਪਹਿਲੀ ਵਾਰ ਪਤਾ ਲਾਇਆ ਹੈ ਕਿ ਮਲੇਰੀਆ ਫੈਲਾਉਣ ਵਾਲੇ ਪਰਜੀਵੀ ਦੇ ਬਾਹਰੀ ਹਿੱਸੇ ਵਿਚ ਮੌਜੂਦ ਕਾਰੋਬਾਈਡੇਟਸ, ਮੱੱਛਰਾਂ ਅਤੇ ਮਨੁੱਖ ਨੂੰ ਲਾਗ ਲਾਉਣ ਦੀ ਉਸ ਦੀ ਸਮਰੱਥਾ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਖੋਜਕਾਰਾਂ ਨੇ ਕਿਹਾ ਕਿ ਇਕ ਖੋਜ ਰਾਹੀਂ ਇਸ ਬੀਮਾਰੀ ਦੇ ਸੱਭ ਤੋਂ ਮਾਰੂ ਰੂਪ ਪਲਾਜ਼ਮੋਡੀਅਮ ਫ਼ਾਲਸੀਪਰਮ ਮਲੇਰੀਆ ਤੋਂ ਲੋਕਾਂ ਨੂੰ ਬਚਾਉਣ ਲਈ ਉਪਲਭਧ ਇਕਮਾਤਰ ਟੀਕੇ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
ਅਧਿਐਨ ਵਿਚ ਵੇਖਿਆ ਗਿਆ ਕਿ ਮਲੇਰੀਆ ਪਰਜੀਵੀ ਅਪਣੇ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਨੂੰ ਜੋੜਦਾ ਹੈ ਤਾਕਿ ਉਨ੍ਹਾਂ ਨੂੰ ਮਜ਼ਬੂਤ ਕਰ ਸਕੇ ਅਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾ ਸਕੇ ਅਤੇ ਇਹ ਕਵਾਇਦ ਇਸ ਪਰਜੀਵੀ ਦੇ ਜੀਵਨ ਚੱਕਰ ਨੂੰ ਪੂਰਾ ਕਰਨ ਲਈ ਬੇਹੱਦ ਜ਼ਰੂਰੀ ਹੁੰਦੀ ਹੈ। ਖੋਜਕਾਰ ਜਸਟਿਨ ਬੋਡੇ ਨੇ ਕਿਹਾ, 'ਅਸੀਂ ਵੇਖਿਆ ਕਿ ਪ੍ਰੋਟੀਨ ਨੂੰ ਕਾਰੋਬਹਾਈਡ੍ਰੇਟਸ ਨਾਲ ਜੋੜਨ ਦੀ ਪਰਜੀਵੀ ਦੀ ਇਹ ਸਮਰੱਥਾ ਮਲੇਰੀਆ ਦੇ ਜੀਵਨ ਚੱਕਰ ਦੇ ਦੋ ਪੜਾਵਾਂ ਲਈ ਜ਼ਰੂਰੀ ਹੈ।' ਮਨੁੱਖ ਵਿਚ ਲਾਗ ਫੈਲਾਉਣ ਲਈ ਇਹ ਜ਼ਰੂਰੀ ਹੈ। ਜਦ ਇਹ ਸਰੀਰ ਵਿਚ ਵੜ ਕੇ ਲੀਵਰ ਤਕ ਪਹੁੰਚਦਾ ਹੈ ਅਤੇ ਬਾਅਦ ਵਿਚ ਉਸ ਨੂੰ ਲੋਕਾਂ ਵਿਚਕਾਰ ਫੈਲਣ ਦਾ ਮੌਕਾ ਮਿਲਦਾ ਹੈ।'' ਅਧਿਐਨਕਾਰਾਂ ਨੇ ਕਿਹਾ ਕਿ ਪ੍ਰੋਟੀਨ ਨਾਲ ਕਾਰੋਬਹਾਈਡ੍ਰੇਟਸ ਨੂੰ ਜੋੜਨ ਦੀ ਪਰਜੀਵੀ ਦੀ ਇਸ ਸਮਰੱਥਾ ਵਿਚ ਅੜਿੱਕਾ ਪਾਉਣਾ, ਲੀਵਰ ਦੇ ਇਨਫ਼ੈਕਸ਼ਨ ਅਤੇ ਇਸ ਇਨਫ਼ੈਕਸ਼ਨ ਦੇ ਦੂਜੇ ਮੱਛਰ ਤਕ ਪਹੁੰਚਣ ਨੂੰ ਰੋਕਦਾ ਹੈ ਅਤੇ ਪਰਜੀਵੀ ਨੂੰ ਇਸ ਹੱਦ ਤਕ ਕਮਜ਼ੋਰ ਕਰ ਦਿੰਦਾ ਹੈ ਕਿ ਉਹ ਸਰੀਰ ਵਿਚ ਜਿਊਂਦਾ ਨਹੀਂ ਰਹਿ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਕ ਵਰਤੇ ਜਾ ਰਹੇ ਟੀਕੇ ਵਿਚ ਜੇ ਇਹ ਕਾਰੋਬਾਹਾਈਡ੍ਰੇਟਸ ਮਿਲਾ ਦਿਤਾ ਜਾਵੇ ਤਾਂ ਇਹ ਜ਼ਿਆਦਾ ਕਾਰਗਰ ਟੀਕਾ ਬਣ ਸਕਦਾ ਹੈ। (ਏਜੰਸੀ)