ਬ੍ਰਿਟੇਨ 'ਚ ਦਾਊਦ ਇਬਰਾਹਿਮ ਦੀ 42 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ

ਖ਼ਬਰਾਂ, ਕੌਮਾਂਤਰੀ



ਲੰਦਨ, 13 ਸਤੰਬਰ : ਮੁੰਬਈ ਹਮਲੇ ਦਾ ਮੁੱਖ ਸਾਜ਼ਸ਼ਘਾੜੇ ਦਾਊਦ ਇਬਰਾਹਿਮ ਦੀ ਬ੍ਰਿਟੇਨ 'ਚ ਜਾਇਦਾਦ ਜ਼ਬਤ ਕੀਤੀ ਗਈ ਹੈ। ਰੀਪੋਰਟ ਅਨੁਸਾਰ ਜ਼ਬਤ ਕੀਤੀ ਗਈ ਜਾਇਦਾਦ ਦੀ ਕੁਲ ਕੀਮਤ 6.7 ਅਰਬ ਡਾਲਰ (42 ਹਜ਼ਾਰ ਕਰੋੜ) ਹੈ।

ਭਾਰਤ ਸਰਕਾਰ ਨੇ ਇਸ ਸਬੰਧ 'ਚ ਬ੍ਰਿਟੇਨ ਸਰਕਾਰ ਨੂੰ ਇਕ ਡੋਜ਼ੀਅਰ ਸੌਂਪਿਆ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਇਹ ਕਦਮ ਚੁਕਿਆ ਗਿਆ। ਬ੍ਰਿਟੇਨ ਸਰਕਾਰ ਨੇ ਦਾਊਦ ਦੀ ਜਿਹੜੀ ਜਾਇਦਾਦ ਜ਼ਬਤ ਕੀਤੀ ਹੈ ਉਸ 'ਚ ਇਕ ਹੋਟਲ ਅਤੇ ਕਈ ਘਰ ਸ਼ਾਮਲ ਹਨ। ਦਸਿਆ ਜਾ ਰਿਹਾ ਹੈ ਕਿ ਦਾਊਦ ਨੇ ਬ੍ਰਿਟੇਨ 'ਚ ਕਰੀਬ 4000 ਹਜ਼ਾਰ ਕਰੋੜ ਦੀ ਜਾਇਦਾਦ ਇਕੱਠੀ ਕਰ ਲਈ ਸੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਭਾਰਤ ਸਰਕਾਰ ਨੇ ਬ੍ਰਿਟੇਨ ਨੂੰ ਦਿਤੇ ਡੋਜ਼ੀਅਰ 'ਚ ਦਾਊਦ 'ਤੇ ਆਰਥਕ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਯੂਨਾਈਟਿਡ ਕਿੰਗਡਮ ਵਲੋਂ ਜਾਰੀ 'ਅਪਡੇਟ ਐਸੇਟਸ ਫਰੀਜ਼ ਲਿਸਟ' ਵਿਚ ਦਾਊਦ ਦੇ ਪਾਕਿਸਤਾਨ ਸਥਿਤ ਤਿੰਨ ਟਿਕਾਣਿਆਂ ਅਤੇ 21 ਉਪਨਾਮਾਂ ਦਾ ਵੀ ਜ਼ਿਕਰ ਕੀਤਾ ਸੀ। ਬ੍ਰਿਟੇਨ ਦੇ ਵਿੱਤ ਮੰਤਰਾਲੇ ਵਲੋਂ ਜਾਰੀ ਕੀਤੇ 'ਫਾਈਨੈਂਸ਼ਲ ਸੈਕਸ਼ੰਸ ਟਾਰਗੈਟ ਇਨ ਦਾ ਯੂ.ਕੇ.' ਨਾਮਕ ਲਿਸਟ 'ਚ ਦਾਊਦ ਇਬਰਾਹਿਮ ਦੇ ਪਾਕਿਸਤਾਨ ਸਥਿਤ ਤਿੰਨ ਪਾਕਿਸਤਾਨੀ ਪਤਿਆਂ ਦਾ ਜ਼ਿਕਰ ਕੀਤਾ ਗਿਆ ਸੀ। ਬ੍ਰਿਟੇਨ ਦੀ ਲਿਸਟ ਦੇ ਮੁਤਾਬਕ ਪਹਿਲਾ ਪਤਾ ਨੰਬਰ-37, ਗਲੀ ਨੰਬਰ-30, ਡਿਫੈਂਸ ਹਾਊਸਿੰਗ ਅਥਾਰਟੀ ਕਚਾਰੀ ਪਾਕਿਸਤਾਨ ਹੈ। ਦੂਜਾ ਪਤਾ ਨੂਰਾਬਾਦ ਕਚਾਰੀ ਪਾਕਿਸਤਾਨ (ਪਟਿਆਲਾ ਬੰਗਲਾ) ਹੈ। ਤੀਜਾ ਪਤਾ ਵ੍ਹਾਈਟ ਹਾਊਸ ਸਾਊਦੀ ਮਸਜਿਦ ਨੇੜੇ ਕਰਾਚੀ ਪਾਕਿਸਤਾਨ ਦਿਤਾ ਗਿਆ ਗਿਆ ਹੈ।

ਸੂਚੀ 'ਚ ਦਾਊਦ ਦਾ ਜਨਮ ਖੇਰ, ਰਤਨਾਗਿਰੀ (ਮਹਾਰਾਸ਼ਟਰ) ਦਰਜ ਹੈ ਅਤੇ ਉਸ ਦੀ ਨਾਗਰਿਕਤਾ ਭਾਰਤ ਵਿਖਾਈ ਗਈ ਹੈ। ਇਸ ਸੂਚੀ 'ਚ ਦਾਊਦ ਦਾ ਨਾਂ 7 ਨਵੰਬਰ 2003 ਨੂੰ ਦਰਜ ਕੀਤਾ ਗਿਆ ਸੀ। ਸੂਚੀ 'ਚ ਦਾਊਦ ਦੇ 21 ਨਾਂ ਦਰਜ ਹਨ। ਇਨ੍ਹਾਂ 'ਚ ਸ਼ੇਖ, ਇਸਮਾਇਲ, ਅਬਦੁਲ ਅਜੀਜ, ਅਬਦੁਲ ਹਮੀਦ, ਅਬਦੁਲ ਰਹਿਮਾਨ, ਮੁਹੰਮਦ ਭਾਈ, ਅਨੀਸ ਇਬਰਾਹਿਮ, ਇਥਬਾਲ, ਦਲੀਪ, ਅਜੀਜ,  ਫਾਰੂਖੀ, ਹਸਨ, ਦਾਊਦ, ਮੇਮਨ, ਕਾਸਕਰ, ਸਾਬਰੀ, ਸਾਹਿਬ, ਹਾਜੀ, ਸੇਠ ਅਤੇ ਵੱਡਾ ਭਰਾ ਵਜੋਂ ਦਰਜ ਹਨ। (ਪੀਟੀਆਈ)