ਬ੍ਰਿਟੇਨ 'ਚ ਪਹਿਲੀ ਵਾਰ ਸਿੱਖ ਮਹਿਲਾ MP ਬਣੀ ਸ਼ੈਡੋ ਮੰਤਰੀ

ਖ਼ਬਰਾਂ, ਕੌਮਾਂਤਰੀ

ਲੰਡਨ: ਪ੍ਰੀਤ ਕੌਰ ਗਿੱਲ ਨੂੰ ਵਿਰੋਧੀ ਲੇਬਰ ਪਾਰਟੀ ਦੇ ਲੀਡਰ ਜੇਰੇਮੀ ਕੋਰਬੇਨ ਨੇ ਸ਼ੈਡੋ ਕੈਬਨਿਟ ਦਾ ਮੰਤਰੀ ਥਾਪ ਦਿੱਤਾ ਹੈ। ਪ੍ਰੀਤ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ ਜਿਸ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ। 44 ਸਾਲਾ ਪ੍ਰੀਤ ਗਿੱਲ ਲੇਬਰ ਪਾਰਟੀ ਦੀ ਬਰਮਿੰਘਮ ਐਡਗਬੈਸਟਨ ਸੀਟ ਤੋਂ ਸੰਸਦ ਮੈਂਬਰ ਹੈ। 

ਬੀਤੇ ਸਾਲ ਜੁਲਾਈ ਵਿੱਚ ਉਨ੍ਹਾਂ ਨੂੰ ਸੰਸਦ ਵਿੱਚ ਗ੍ਰਹਿ ਮਾਮਲਿਆਂ ਸਬੰਧੀ ਕਮੇਟੀ ਵਿੱਚ ਵੀ ਚੁਣਿਆ ਗਿਆ ਸੀ। ਉਨ੍ਹਾਂ ਨੂੰ ਹੁਣ ਸ਼ੈਡੋ ਮਿਨੀਸਟਰ ਵਜੋਂ ਪਦ ਉੱਨਤੀ ਦਿੱਤੀ ਗਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਟੌਪ ਟੀਮ ਦੀ ਮੁਡ਼ ਤੋਂ ਚੋਣ ਦਾ ਐਲਾਨ ਕੀਤਾ ਹੋਇਆ ਸੀ। 

ਇਸ ਦੌਰਾਨ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸ਼ੌਨਕ, ਸੁਏਲਾ ਫਰਨਾਂਡਿਸ ਤੇ ਸ਼ੈਲੇਸ਼ ਵਾਡ਼ਾ ਨੂੰ ਜੂਨੀਅਰ ਮੰਤਰੀ ਅਹੁਦਿਆਂ ‘ਤੇ ਨਿਯੁਕਤ ਵੀ ਕੀਤਾ ਜਾ ਚੁੱਕਾ ਹੈ। ਬ੍ਰਿਟੇਨ ਦੀ ਸੰਸਦ ਵਿੱਚ ਸ਼ੈਡੋ ਕੈਬਨਿਟ ਦੀ ਚੋਣ ਵਿਰੋਧੀ ਧਿਰ ਦਾ ਨੇਤਾ ਆਪਣੇ ਸੀਨੀਅਰ ਸੰਸਦ ਮੈਂਬਰ ਨੂੰ ਲੈ ਕੇ ਕਰਦਾ ਹੈ। ਇਹ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਦਾ ਪ੍ਰਤੀਰੂਪ ਹੁੰਦੀ ਹੈ। ਇਸ ਵਿੱਚ ਸਰਕਾਰ ਦੇ ਮੰਤਰੀਆਂ ਵਾਂਗ ਹਰ ਮੈਂਬਰ ਨੂੰ ਉਸੇ ਮੰਤਰਾਲੇ ਦਾ ਇੰਚਾਰਜ ਯਾਨੀ ਸ਼ੈਡੋ ਮਿਨੀਸਟਰ ਲਾਇਆ ਜਾਂਦਾ ਹੈ, ਜਿਸ ਦਾ ਕੰਮ ਮੰਤਰੀ ਨੂੰ ਸਵਾਲ ਕਰਨੇ ਤੇ ਚੁਨੌਤੀ ਦੇਣਾ ਹੁੰਦਾ ਹੈ।