ਬੀਜਿੰਗ, 10 ਸਤੰਬਰ : ਬ੍ਰਿਕਸ
ਸੰਮੇਲਨ ਦੌਰਾਨ ਪਾਕਿਸਤਾਨ ਵਿਚਲੇ ਅਤਿਵਾਦੀਆਂ ਦੇ ਨਾਵਾਂ ਨੂੰ ਐਲਾਨ ਪੱਤਰ ਵਿਚ ਸ਼ਾਮਲ
ਕਰਨ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਵਿਚਕਾਰ ਸਬੰਧ ਕੁਝ ਅਣਸੁਖਾਵੇਂ ਹੋ ਗਏ ਸਨ ਪਰ ਹੁਣ
ਫਿਰ ਚੀਨ ਨੇ ਕੁਝ ਮੁੱਦਿਆਂ ਨੂੰ ਲੈ ਕੇ ਪਾਕਿਸਤਾਨ ਦੀ ਸ਼ਲਾਘਾ ਕੀਤੀ ਹੈ। ਚੀਨ ਅਤੇ
ਪਾਕਿਸਤਾਨ 50 ਵਿਲੀਅਨ ਅਮਰੀਕੀ ਡਾਲਰ (3.18 ਲੱਖ ਕਰੋੜ) ਵਾਲੇ ਆਰਥਕ ਗਲਿਆਰੇ ਨੂੰ ਲੈ
ਕੇ ਸੁਰੱਖਿਆ ਅਤੇ ਅਤਿਵਾਦ ਦੇ ਵਿਰੋਧ 'ਚ ਸਹਿਯੋਗ ਵਧਾਉਣ ਉੱਤੇ ਸਹਿਮਤ ਹੋ ਗਏ ਹਨ।
ਇਨ੍ਹਾਂ ਗਲਿਆਰਿਆਂ ਨਾਲ ਦੋਵਾਂ ਹੀ ਦੇਸ਼ਾਂ ਦੇ ਆਸ਼ਾਂਤ ਖੇਤਰ ਰੇਲ ਅਤੇ ਸੜਕ ਪਰਿਯੋਜਨਾਵਾਂ ਦੇ ਨੈਟਵਰਕ ਨਾਲ ਜੁੜਦੇ ਹਨ। ਚੀਨ-ਪਾਕਿਸਤਾਨ ਆਰਥਕ ਕਾਰੀਡੋਰ ਚੀਨ ਦੇ ਪਛਮੀ ਸ਼ਿਨਜਿਯਾਂਗ ਸੂਬੇ ਅਤੇ ਪਾਕਿਸਤਾਨ ਦੇ ਦਖਣੀ-ਪਛਮੀ ਗਵਾਦਰ ਬੰਦਰਗਾਹ ਨੂੰ ਜੋੜਦਾ ਹੈ। ਇਹ ਇਲਾਕਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਨਿਕਲਦਾ ਹੈ। ਇਸ ਲਈ ਭਾਰਤ ਵਲੋਂ ਇਸ ਪਰਿਯੋਜਨਾ 'ਤੇ ਹਮੇਸ਼ਾ ਤੋਂ ਹੀ ਇਤਰਾਜ਼ ਜਤਾਇਆ ਗਿਆ ਹੈ। ਇਸ ਖੇਤਰ ਨੂੰ ਅਤਿਵਾਦੀਆਂ ਵਲੋਂ ਚੁਣੌਤੀ ਮਿਲਦੀ ਰਹੀ ਹੈ।
ਸੀ.ਪੀ.ਈ.ਸੀ. ਦੀ ਸੁਰੱਖਿਆ ਨੂੰ ਲੈ ਕੇ ਚੀਨੀ ਕਮਿਊਨਿਸਟ ਪਾਰਟੀ ਸੈਂਟਰਲ ਕਮੇਟੀ ਦੇ ਕਮਿਸ਼ਨ ਫ਼ਾਰ ਪਾਲੀਟਿਕਲ ਐਂਡ ਲੀਗਲ ਅਫੇਅਰਜ਼ ਦੇ ਮੁਖੀ ਮੇਂਗ ਜਿਆਂਝੁ, ਪਾਕਿਸਤਾਨੀ ਵਿਦੇਸ਼ ਮੰਤਰੀ ਖ਼ਵਾਜਾ ਅਸਿਫ ਅਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਸਿਰ ਖ਼ਾਨ ਦੀ ਮੁਲਾਕਾਤ ਤੋਂ ਬਾਅਦ ਸਹਿਮਤੀ ਬਣੀ। ਪਾਕਿਸਤਾਨ ਨੇ ਸੀ.ਪੀ.ਈ.ਸੀ. ਨਾਲ ਜੁੜੀ ਯੋਜਨਾਵਾਂ ਉੱਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਫ਼ੌਜ ਅਤੇ ਅਰਧ-ਸੈਨਿਕ ਫ਼ੌਜਾਂ ਦੇ 15 ਹਜ਼ਾਰ ਜਵਾਨ ਤਾਇਨਾਤ ਕੀਤੇ ਹਨ। ਬੀਤੇ ਸਾਲ ਚੀਨ ਤੋਂ ਲਗਭਗ 71 ਹਜ਼ਾਰ ਲੋਕ ਪਾਕਿਸਤਾਨ ਗਏ ਸਨ।
ਮੇਂਗ ਨੇ ਪਾਕਿਸਤਾਨ ਨੂੰ ਚੰਗਾ ਗੁਆਂਢੀ
ਦਸਿਆ ਅਤੇ ਅਤਿਵਾਦ ਨਾਲ ਲੜਨ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਨਾਲ ਚੰਗੇ ਸਬੰਧ ਪਾਕਿਸਤਾਨੀ ਵਿਦੇਸ਼ ਨੀਤੀ
ਦੀ ਨੀਂਹ ਹੈ।