ਚੀਨੀ ਅਧਿਕਾਰੀ ਰਾਜਨੀਤਿਕ ਅਸ਼ਾਂਤੀ ਕਾਰਨ ਚਿੰਤਤ

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ, 23 ਨਵੰਬਰ: ਚੀਨ ਦੇ ਇਕ ਉਚ ਅਧਿਕਾਰੀ ਨੇ ਚਿੰਤਾ ਜਤਾਈ ਹੈ ਕਿ ਪਾਕਿਸਤਾਨ 'ਚ ਰਾਜਨੀਤਿਕ ਅਸਥਿਰਤਾ ਕਾਰਨ ਦੋਵੇਂ ਦੇਸ਼ਾਂ ਦਰਮਿਆਨ ਨਿਰਮਾਣ ਅਧੀਨ ਕੋਰੀਡੋਰ ਯੋਜਨਾ ਦੀ ਗਤੀ 'ਤੇ ਬੁਰਾ ਅਸਰ ਪੈ ਸਕਦਾ ਹੈ। ਇਹ ਅਧਿਕਾਰੀ ਇਕ ਵਫ਼ਦ ਨਾਲ ਆਇਆ ਸੀ।ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ ਵਫ਼ਦ ਨੇ ਚੀਨ-ਪਾਕਿਸਤਾਨ ਆਰਥਕ ਕੋਰੀਡੋਰ (ਸੀ.ਪੀ.ਈ.ਸੀ.) ਦੀ ਜੁਆਇੰਟ ਤਾਲਮੇਲ ਕਮੇਟੀ (ਜੇ.ਸੀ.ਸੀ.) ਦੀ ਮੀਟਿੰਗ 'ਚ ਅਪਣੀਆਂ ਚਿੰਤਾਵਾਂ ਜਤਾਈਆਂ, ਪਾਕਿਸਤਾਨ ਦੇ ਅੰਦਰੂਨੀ ਸੁਰਖਿਆ ਮਾਮਲਿਆਂ ਦੇ ਮੰਤਰੀ ਅਹਿਸਨ ਇਕਬਾਲ ਓਰਾ ਚੀਨ ਦੇ ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ (ਐਨ.ਡੀ.ਆਰ.ਸੀ.) ਦੇ ਉਪ-ਪ੍ਰਧਾਨ ਵਾਂਗ ਸ਼ਿਯਾਓਤਾਓ ਨੇ ਮੀਟਿੰਗ ਦੀ ਸਾਂਝੇ ਤੌਰ 'ਤੇ ਅਗਵਾਈ ਕੀਤੀ। ਇਕਬਾਲ ਕੋਲ ਯੋਜਨਾ ਅਤੇ ਵਿਕਾਸ-ਸੁਧਾਰ ਵਿਭਾਗ ਵੀ ਹੈ।

ਰਿਪੋਰਟ 'ਚ ਅਧਿਕਾਰਕ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਚੀਨ ਦੇ ਵਫ਼ਦ ਨੇ ਪਾਕਿਸਤਾਨ 'ਚ ਰਾਜਨੀਤਿਕ ਅਸਥਿਰਤਾ ਬਾਰੇ ਸ਼ਿਕਾਇਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਕੋਰੀਡੋਰ ਯੋਜਨਾ ਦੀ ਪ੍ਰਗਤੀ 'ਤੇ ਬੁਰਾ ਅਸਰ ਪਵੇਗਾ। ਰਿਪੋਰਟ ਮੁਤਾਬਕ ਚੀਨ ਨੇ ਪਾਕਿਸਤਾਨ 'ਚ 50 ਅਰਬ ਡਾਲਰ ਦੀ ਨਿਵੇਸ਼ ਦੀ ਪ੍ਰਤੀਬੱਧਤਾ ਜਤਾਈ ਹੈ। ਕੁਝ ਅਨੁਮਾਨਾਂ 'ਚ ਕਿਹਾ ਗਿਆ ਹੈ ਕਿ ਇਹ ਨਿਵੇਸ਼ 60 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਹੋ ਸਕਦਾ ਹੈ। ਇਹ ਕੋਰੀਡੋਰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਯਾਂਗ ਸੂਬੇ ਨਾਲ ਜੋੜਦਾ ਹੈ।ਭਾਰਤ ਨੇ ਇਸ ਯੋਜਨਾ ਨੂੰ ਅਪਣੇ ਅਧਿਕਾਰ ਖੇਤਰ ਦੀ ਉਲੰਘਣਾ ਦਸਦਿਆਂ ਇਸ 'ਤੇ ਇਤਰਾਜ਼ ਜਤਾਇਆ ਹੈ, ਕਿਉਂ ਕਿ ਇਹ ਯੋਜਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਸੂਬੇ ਤੋਂ ਗੁਜਰੇਗੀ।  
(ਏਜੰਸੀ)