ਡਰਬੀ 'ਚ ਦੋ ਕਾਰ ਚਾਲਕਾਂ ਦਾ ਸੜਕ ਵਿਚਕਾਰ ਝਗੜਾ, ਲੱਗਾ ਟ੍ਰੈਫ਼ਿਕ ਜਾਮ

ਖ਼ਬਰਾਂ, ਕੌਮਾਂਤਰੀ

ਲੰਦਨ, 28 ਸਤੰਬਰ (ਹਰਜੀਤ ਸਿੰਘ ਵਿਰਕ) : ਡਰਬੀ ਦੇ ਇਕ ਬਾਜ਼ਾਰ ਵਿਚਕਾਰ ਸੜਕ ਦੋ ਡਰਾਈਵਰ ਇਸ ਤਰ੍ਹਾਂ ਲੜੇ ਕਿ ਲੜਦੇ-ਲੜਦੇ ਸੜਕ 'ਤੇ ਹੀ ਲੰਮੇ ਪੈ ਗਏ।
ਇਹ ਘਟਨਾ ਇੰਗਲੈਂਡ ਦੇ ਡਰਬੀ ਸ਼ਹਿਰ ਦੀ ਹੈ। ਸ਼ਹਿਰ ਦੇ ਸਟਾਕਬਰੂਕ ਖੇਤਰ ਵਿਚ ਸਨਿਚਰਵਾਰ ਨੂੰ ਦੋ ਵਿਅਕਤੀ ਅਪਣੀਆਂ ਕਾਰਾਂ 'ਚੋਂ ਉਤਰ ਕੇ ਇਕ-ਦੂਜੇ ਨਾਲ ਉਲਝ ਗਏ। ਪਹਿਲਾਂ ਕੁਝ ਦੇਰ ਤਕ ਉਹ ਬਹਿਸ ਕਰਦੇ ਰਹੇ ਇਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਦੀ ਗਰਦਨ ਫੜ ਲਈ ਅਤੇ ਥੱਪੜ ਮਾਰਨ ਲੱਗੇ। ਆਪਸ 'ਚ ਗੁੱਥਮ-ਗੁੱਥੀ ਇਹ ਦੋਵੇਂ ਕੁਝ ਦੇਰ ਬਾਅਦ ਜ਼ਮੀਨ 'ਤੇ ਲੇਟ ਕੇ ਲੜਦੇ ਨਜ਼ਰ ਆਏ। ਉਥੇ ਹੀ ਕੋਲੋਂ ਦੀ ਲੰਘ ਰਹੇ ਇਕ ਸ਼ਖਸ ਨੇ ਇਸ ਲੜਾਈ ਦੀ ਵੀਡੀਉ ਸ਼ੂਟ ਕਰ ਲਈ। ਕੁਝ ਦੇਰ ਬਾਅਦ ਦੋ ਹੋਰ ਵਿਅਕਤੀਆਂ ਨੇ ਆ ਕੇ ਉਨ੍ਹਾਂ ਨੂੰ ਇਕ-ਦੂਜੇ ਤੋਂ ਵੱਖਰੇ ਕੀਤਾ। ਇਸ ਤੋਂ ਬਾਅਦ ਦੋਵੇਂ ਅਪਣੀ-ਅਪਣੀ ਕਾਰ 'ਚ ਬੈਠ ਕੇ ਉਥੋਂ ਨਿਕਲ ਗਏ।
ਡਰਬੀ ਸਿਟੀ ਕੌਂਸਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੜਾਈ 'ਚ ਸ਼ਾਮਲ ਇਕ ਵਿਅਕਤੀ ਲਈ ਜ਼ਿਆਦਾ ਮੁਸੀਬਤ ਖੜੀ ਹੋ ਸਕਦੀ ਹੈ, ਕਿਉਂਕਿ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਉਹ ਲਾਇਸੰਸ ਟੈਕਸੀ ਡਰਾਈਵਰ ਹੈ। ਪ੍ਰੀਸ਼ਦ ਨੇ ਜਿਸ ਅਫਸਰ ਨੂੰ ਮਾਮਲੇ ਦੀ ਜਾਂਚ ਜ਼ਿੰਮੇਦਾਰੀ ਦਿਤੀ ਹੈ ਉਹ ਲਾਇਸੈਂਸਿੰਗ ਦੇ ਮਾਮਲੇ ਡੀਲ ਕਰਦਾ ਹੈ ਅਤੇ ਫਿਲਹਾਲ ਉਸ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਕੋਈ ਰੀਪੋਰਟ ਦਰਜ ਨਹੀਂ ਕਰਵਾਈ ਗਈ ਹੈ ਅਤੇ ਟੈਕਸੀ ਫਰਮ ਦੇ ਮੈਨੇਜਰ ਨੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ।