ਸ਼ਿਆਮਨ, 5 ਸਤੰਬਰ: ਡੋਕਲਾਮ ਰੇੜਕੇ ਨੂੰ
ਪਿੱਛੇ ਛਡਦਿਆਂ ਭਾਰਤ ਅਤੇ ਚੀਨ ਨੇ ਅੱਜ ਅਪਣੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਪ੍ਰਤੀ ਸਹਿਮਤ
ਪ੍ਰਗਟਾਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ
ਕਿਹਾ ਕਿ ਉਹ ਰਿਸ਼ਤਿਆਂ ਨੂੰ 'ਸਹੀ ਦਿਸ਼ਾ' 'ਚ ਅੱਗੇ ਵਧਾਉਣਾ ਚਾਹੁੰਦੇ ਹਨ।
ਸਿੱਕਿਮ
ਸੈਕਟਰ ਦੇ ਡੋਕਲਾਮ 'ਚ ਰੇੜਕਾ ਖ਼ਤਮ ਹੋਣ ਤੋਂ ਕੁੱਝ ਦਿਨ ਬਾਅਦ ਦੋਹਾਂ ਆਗੂਆਂ ਨੇ ਅੱਜ ਇਕ
ਘੰਟੇ ਤਕ ਗੱਲਬਾਤ ਕੀਤੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਾਰਥਕ ਦਸਿਆ।
ਅਪਣੀ
ਬੈਠਕ ਦੌਰਾਨ ਦੋਵੇਂ ਆਗੂ ਇਸ ਗੱਲ ਨੂੰ ਲੈ ਕੇ ਸਹਿਮਤ ਹੋਏ ਕਿ ਇਸ ਤਰ੍ਹਾਂ ਦੀਆਂ
ਘਟਨਾਵਾਂ ਮੁੜ ਨਾ ਹੋਣ, ਇਸ ਨੂੰ ਯਕੀਨੀ ਕਰਨ ਲਈ ਦੋਵੇਂ ਦੇਸ਼ਾਂ ਨੂੰ ਅਪਣੇ ਸੁਰੱਖਿਆ
ਮੁਲਾਜ਼ਮਾਂ ਵਿਚਕਾਰ ਸਹਿਯੋਗ ਵਧਾਉਣ ਨਾਲ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਮੋਦੀ
ਨੇ ਸ਼ੀ ਨਾਲ ਮੁਲਾਕਾਤ ਮਗਰੋਂ ਟਵੀਟ ਕੀਤਾ, ''ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ
ਕੀਤੀ। ਅਸੀ ਭਾਰਤ ਅਤੇ ਚੀਨ ਦੇ ਦੁਵੱਲੇ ਰਿਸ਼ਤਿਆਂ ਦੇ ਸੰਦਰਭ 'ਚ ਸਾਰਥਕ ਗੱਲਬਾਤ
ਕੀਤੀ।''
ਬੈਠਕ ਮਗਰੋਂ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ
'ਰਚਨਾਤਮਕ' ਗੱਲਬਾਤ ਦੌਰਾਨ ਦੁਵੱਲੇ ਰਿਸ਼ਤਿਆਂ ਨੂੰ ਲੈ ਕੇ ਦੋਹਾਂ ਦੇਸ਼ਾਂ ਦਾ ਰੁਖ
'ਭਵਿੱਖਮੁਖੀ' ਰਿਹਾ। ਇਸ ਦੌਰਾਨ ਇਸ ਤੱਥ ਉਤੇ ਮੁੜ ਜ਼ੋਰ ਦਿਤਾ ਗਿਆ ਕਿ ਭਾਰਤ-ਚੀਨ
ਰਿਸ਼ਤਿਆਂ ਦੇ ਵਿਕਾਸ ਲਈ ਸਰਹੱਦੀ ਇਲਾਕਿਆਂ 'ਚ ਸ਼ਾਂਤੀ ਅਤੇ ਦੋਸਤਾਨਾ ਮਾਹੌਲ ਬਰਕਰਾਰ
ਰਖਣਾ ਜ਼ਰੂਰੀ ਹੈ। ਡੋਕਲਾਮ ਰੇੜਕੇ ਬਾਰੇ ਉਨ੍ਹਾਂ ਕਿਹਾ ਕਿ ਇਹ ਭਵਿੱਖਮੁਖੀ ਗੱਲਬਾਤ ਰਹੀ
ਅਤੇ ਪਿਛੇ ਮੁੜ ਕੇ ਵੇਖਣ ਵਾਲੀ ਗੱਲਬਾਤ ਨਹੀਂ ਸੀ।
ਉਨ੍ਹਾਂ ਕਿਹਾ ਕਿ ਦੋਹਾਂ ਆਗੂਆਂ
ਨੇ ਸੰਯੁਕਤ ਆਰਥਕ ਸਮੂਹ, ਸੁਰੱਖਿਆ ਸਮੂਹ ਅਤੇ ਰਣਨੀਤਕ ਸਮੂਹ ਵਰਗੀਆਂ ਉਨ੍ਹਾਂ
ਅੰਤਰ-ਸਰਕਾਰੀ ਵਿਵਸਥਾਵਾਂ ਬਾਰੇ ਵੀ ਗੱਲ ਕੀਤੀ ਜਿਨ੍ਹਾਂ ਦੀ ਮਦਦ ਨਾਲ ਦੋਵੇਂ ਦੇਸ਼ ਅੱਗੇ
ਵੱਧ ਸਕਦੇ ਹਨ।
ਉਨ੍ਹਾਂ ਕਿਹਾ ਕਿ ਦੋਹਾਂ ਆਗੂਆਂ ਨੇ ਦੋਵੇਂ ਧਿਰਾਂ ਵਿਚਕਾਰ ਭਰੋਸੇ
ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਦੀ ਜ਼ਰੂਰਤ ਉਤੇ ਜ਼ੋਰ ਦਿਤਾ ਅਤੇ ਇਹ ਮਹਿਸੂਸ
ਕੀਤਾ ਗਿਆ ਕਿ 'ਸੁਰੱਖਿਆ ਅਤੇ ਰਖਿਆ ਮੁਲਾਜ਼ਮਾਂ ਨੂੰ ਪੁਖਤਾ ਸੰਪਰਕ ਅਤੇ ਸਹਿਯੋਗ ਕਾਇਮ
ਰਖਣਾ ਚਾਹੀਦਾ ਹੈ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਪਿੱਛੇ ਜਿਹੇ ਪੈਦਾ ਹੋਏ ਹਾਲਾਤ
ਮੁੜ ਪੈਦਾ ਨਾ ਹੋਣ।'
ਮੁਲਾਕਾਤ ਦੌਰਾਨ ਮੋਦੀ ਅਤੇ ਸ਼ੀ ਨੇ ਇਸ ਸਾਲ ਅਸਤਾਨਾ 'ਚ
ਉਨ੍ਹਾਂ ਵਿਚਕਾਰ ਬਣੀ ਉਹ ਸਹਿਮਤੀ ਉਤੇ ਜ਼ੋਰ ਦਿਤਾ ਕਿ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ
ਦਿਤਾ ਜਾਣਾ ਚਾਹੀਦਾ। ਮੁਲਾਕਾਤ ਦੌਰਾਨ ਮੋਦੀ ਨੇ 'ਬੇਹੱਦ ਸਫ਼ਲ' ਬ੍ਰਿਕਸ ਸ਼ਿਖਰ ਸੰਮੇਲਨ
ਲਈ ਸ਼ੀ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਦੁਨੀਆਂ 'ਚ ਇਸ ਸਮੂਹ ਨੂੰ
ਜ਼ਿਆਦਾ ਤਰਕਸੰਗਤ ਬਣਾਉਣ 'ਚ ਇਹ ਸੰਮੇਲਨ ਸਫ਼ਲ ਰਿਹਾ ਹੈ।
ਉਧਰ ਬੀਜਿੰਗ 'ਚ ਚੀਨੀ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਮੁਲਾਕਾਤ ਦੌਰਾਨ ਰਾਸ਼ਟਰਪਤੀ ਸ਼ੀ
ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਚੀਨ ਅਤੇ ਭਾਰਤ ਇਕ ਦੂਜੇ ਲਈ ਖ਼ਤਰਾ ਨਹੀਂ ਹਨ, ਬਲਕਿ
ਮੌਕਾ ਹਨ। ਸ਼ੀ ਨੇ ਆਰਥਕ ਸਹਿਯੋਗ ਦੇ ਵਿਸਤਾਰ ਲਈ ਰਣਨੀਤੀ ਤੈਅ ਕਰਨ ਦਾ ਵੀ ਸੱਦਾ ਦਿਤਾ।
ਡੋਕਲਾਮ 'ਚ ਦੋਹਾਂ ਦੇਸ਼ਾਂ ਵਿਚਕਾਰ 16 ਜੂਨ, 2017 ਨੂੰ ਉਸ ਵੇਲੇ ਰੇੜਕਾ ਪੈਦਾ
ਹੋਇਆ ਸੀ ਜਦੋਂ ਭਾਰਤੀ ਧਿਰ ਨੇ ਚੀਨੀ ਫ਼ੌਜੀਆਂ ਦੇ ਸੜਕ ਨਿਰਮਾਣ ਦੇ ਕੰਮ ਨੂੰ ਰੋਕ ਦਿਤਾ
ਸੀ। ਹਾਲਾਂਕਿ ਬੀਤੀ 28 ਅਗੱਸਤ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਨਵੀਂ
ਦਿੱਲੀ ਅਤੇ ਬੀਜਿੰਗ ਨੇ ਡੋਕਲਾਮ ਇਲਾਕੇ ਤੋਂ ਅਪਣੇ ਫ਼ੌਜੀਆਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ
ਹੈ। (ਪੀਟੀਆਈ)