ਦੁਨੀਆ 'ਚ ਸਭ ਤੋਂ ਤਾਕਤਵਰ ਹੈ ਇਸ ਦੇਸ਼ ਦਾ ਪਾਸਪੋਰਟ, 150 ਤੋਂ ਵਧ ਦੇਸ਼ਾਂ ਲਈ ਨਹੀਂ ਪੈਂਦੀ ਵੀਜ਼ੇ ਦੀ ਜਰੂਰਤ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ: ਦੁਨੀਆ ਦੇ ਕਿਸੇ ਵੀ ਦੇਸ਼ 'ਚ ਯਾਤਰਾ ਕਰਨ ਲਈ ਪਾਸਪੋਰਟ ਅਤੇ ਵੀਜ਼ਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਉੱਥੇ ਹੀ, ਕਈ ਦੇਸ਼ਾਂ 'ਚ ਯਾਤਰਾ ਕਰਨ ਲਈ ਵੀਜ਼ੇ ਦੀ ਵੀ ਲੋੜ ਨਹੀਂ ਪੈਂਦੀ ਪਰ ਪਾਸਪੋਰਟ ਹੋਣਾ ਜਰੂਰੀ ਹੈ। ਪੂਰੀ ਦੁਨੀਆ 'ਚ ਅਜਿਹੇ ਕਈ ਦੇਸ਼ ਹਨ ਜਿਨ੍ਹਾਂ ਦੇ ਸਿਰਫ ਪਾਸਪੋਰਟ 'ਤੇ ਬਹੁਤ ਸਾਰੇ ਦੇਸ਼ਾਂ ਦੀ ਬਿਨਾਂ ਵੀਜ਼ਾ ਸੈਰ ਕੀਤੀ ਜਾ ਸਕਦੀ ਹੈ। 

ਇਸ ਤਰ੍ਹਾਂ ਦੇ ਪਾਸਪੋਰਟ ਨੂੰ ਕਾਫ਼ੀ ਮਜ਼ਬੂਤ ਮੰਨਿਆ ਜਾਂਦਾ ਹੈ। ਹਾਲ ਹੀ 'ਚ ਜਾਰੀ ਹੋਏ ਪਾਸਪੋਰਟ ਸੂਚਕ ਅੰਕ 'ਚ ਸਿੰਗਾਪੁਰ ਦੇ ਪਾਸਪੋਰਟ ਨੂੰ ਸਭ ਤੋਂ ਤਾਕਤਵਰ ਪਾਸਪੋਰਟ ਮੰਨਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਜਾਣੀਏ ਕਿ ਇਸ ਦੇ ਪਾਸਪੋਰਟ 'ਤੇ ਕਿੰਨੇ ਦੇਸ਼ਾਂ ਨੂੰ ਬਿਨਾਂ ਵੀਜ਼ਾ ਜਾਇਆ ਜਾ ਸਕਦਾ ਹੈ। 

ਆਓ ਜਾਣਦੇ ਹਾਂ ਕਿ ਪਾਸਪੋਰਟ ਰੈਂਕਿੰਗ ਹੁੰਦੀ ਕੀ ਹੈ?

ਪਾਸਪੋਰਟ ਰੈਂਕਿੰਗ— ਹਰ ਦੇਸ਼ ਦੇ ਪਾਸਪੋਰਟ ਦੀ ਸਾਲਾਨਾ ਰੈਂਕਿੰਗ ਕੀਤੀ ਜਾਂਦੀ ਹੈ। ਇਸ ਨੂੰ ਕਰਨ ਲਈ ਸਿਰਫ ਇਹ ਦੇਖਿਆ ਜਾਂਦਾ ਹੈ ਕਿ ਕਿਹੜੇ ਦੇਸ਼ ਦੇ ਪਾਸਪੋਰਟ ਨਾਲ ਤੁਸੀਂ ਸਭ ਤੋਂ ਵਧ ਦੇਸ਼ਾਂ ਦੀ ਬਿਨਾਂ ਵੀਜ਼ਾ ਅਤੇ ਵੀਜ਼ਾ ਆਨ ਅਰਾਈਵਲ ਦੀ ਯਾਤਰਾ ਕਰ ਸਕਦੇ ਹੋ। ਜਿਸ ਦੇਸ਼ ਦਾ ਪਾਸਪੋਰਟ ਦੁਨੀਆ ਦੇ ਹੋਰ ਦੇਸ਼ਾਂ 'ਚ ਬਿਨਾਂ ਕਿਸੇ ਵੀਜ਼ਾ ਦੇ ਘੁੰਮਣ ਦੀ ਸੁਵਿਧਾ ਦਿੰਦਾ ਹੈ, ਉਸ ਦੀ ਰੈਂਕਿੰਗ ਸਭ ਤੋਂ ਉੱਪਰ ਹੁੰਦੀ ਹੈ। ਇਹ ਰੈਂਕਿੰਗ ਹਰ ਸਾਲ ਇਕ ਕੌਮਾਂਤਰੀ ਵਿੱਤੀ ਸਲਾਹਕਾਰ ਕੰਪਨੀ ਵੱਲੋਂ ਜਾਰੀ ਕੀਤੀ ਜਾਂਦੀ ਹੈ।

ਪਿਛਲੀ ਰੈਂਕਿੰਗ 'ਚ ਸਿੰਗਾਪੁਰ ਅਤੇ ਜਰਮਨੀ ਇਕੱਠੇ 158 ਸਕੋਰ ਨਾਲ ਪਹਿਲੇ ਨੰਬਰ 'ਤੇ ਰਹੇ ਸਨ ਪਰ ਹੁਣ ਪੈਰਾਗੂਏ ਵੱਲੋਂ ਸਿੰਗਾਪੁਰ ਦੇ ਪਾਸਪੋਰਟ ਧਾਰਕਾਂ ਲਈ ਵੀਜ਼ੇ ਦੀ ਜ਼ਰੂਰਤ ਖਤਮ ਕਰਨ ਨਾਲ ਸਿੰਗਾਪੁਰ 159 ਸਕੋਰ ਨਾਲ ਅੱਗੇ ਨਿਕਲ ਗਿਆ ਹੈ। ਸਿੰਗਾਪੁਰ ਦੇ ਲੋਕ ਸਿਰਫ ਪਾਸਪੋਰਟ ਦੇ ਆਧਾਰ 'ਤੇ ਦੁਨੀਆ ਦੇ 159 ਦੇਸ਼ਾਂ ਦੀ ਬਿਨਾਂ ਵੀਜ਼ਾ ਅਤੇ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਲੈ ਸਕਦੇ ਹਨ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਸਿੰਗਾਪੁਰ ਸਰਕਾਰ ਦੇ ਕਈ ਦੇਸ਼ਾਂ ਨਾਲ ਚੰਗੇ ਰਾਜਨੀਤਕ ਸੰਬੰਧ ਹਨ। 

ਸਿੰਗਾਪੁਰ ਦੇ ਪਾਸਪੋਰਟ 'ਤੇ 124 ਦੇਸ਼ਾਂ ਨੂੰ ਬਿਨਾਂ ਵੀਜ਼ਾ ਅਤੇ 35 ਦੇਸ਼ਾਂ ਲਈ ਪਹੁੰਚਣ 'ਤੇ ਵੀਜ਼ਾ ਮਿਲ ਜਾਂਦਾ ਹੈ। ਸਿੰਗਾਪੁਰ ਦੇ ਪਾਸਪੋਰਟ 'ਤੇ ਬਿਨਾਂ ਵੀਜ਼ਾ ਜਰਮਨੀ, ਜਾਪਾਨ, ਹਾਂਗਕਾਂਗ ਅਤੇ ਇਟਲੀ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਜਾ ਸਕਦੀ ਹੈ। ਪਾਸਪੋਰਟ ਸੂਚਕ ਅੰਕ ਮੁਤਾਬਕ, ਪਹਿਲੀ ਵਾਰ ਕਿਸੇ ਏਸ਼ੀਆਈ ਦੇਸ਼ ਦੇ ਪਾਸਪੋਰਟ ਨੂੰ ਸਭ ਤੋਂ ਤਾਕਤਵਰ ਐਲਾਨ ਕੀਤਾ ਗਿਆ ਹੈ। ਉੱਥੇ ਹੀ ਇਸ ਪਾਸਪੋਰਟ ਰੈਂਕਿੰਗ 'ਚ ਭਾਰਤ ਦਾ ਸਥਾਨ 75ਵਾਂ ਹੈ, ਜਿਸ ਦੇ ਪਾਸਪੋਰਟ 'ਤੇ 24 ਦੇਸ਼ ਬਿਨਾਂ ਵੀਜ਼ਾ ਦੇ ਪ੍ਰਵੇਸ਼ ਅਤੇ 27 ਦੇਸ਼ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਦਿੰਦੇ ਹਨ। ਭਾਰਤ ਦੇ ਪਾਸਪੋਰਟ 'ਤੇ ਮਾਰੀਸ਼ਸ, ਭੂਟਾਨ, ਨੇਪਾਲ, ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਬਿਨਾਂ ਵੀਜ਼ਾ ਸੈਰ ਕੀਤੀ ਜਾ ਸਕਦੀ ਹੈ।

ਸਿੰਗਾਪੁਰ ਤੋਂ ਬਾਅਦ ਦੂਜੇ ਸਥਾਨ 'ਤੇ ਜਰਮਨੀ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਤੀਜੇ ਸਥਾਨ 'ਤੇ ਸਵੀਡਨ ਅਤੇ ਦੱਖਣੀ ਕੋਰੀਆ ਹਨ। ਚੌਥੇ 'ਤੇ ਡੈਨਮਾਰਕ, ਫਿਨਲੈਂਡ, ਇਟਲੀ, ਫਰਾਂਸ, ਸਪੇਨ, ਨਾਰਵੇ, ਜਾਪਾਨ ਅਤੇ ਇੰਗਲੈਂਡ ਹਨ। ਉੱਥੇ ਹੀ, ਪੰਜਵੇ ਸਥਾਨ 'ਤੇ ਲਗਜ਼ਮਬਰਗ, ਸਵਿਟਜ਼ਰਲੈਂਡ, ਨੀਦਰਲੈਂਡ, ਬੈਲਜੀਅਮ, ਆਸਟਰੀਆ ਅਤੇ ਪੁਰਤਗਾਲ ਸ਼ਾਮਿਲ ਹਨ। ਇਨ੍ਹਾਂ ਦੇ ਪਾਸਪੋਰਟ 'ਤੇ 150 ਤੋਂ ਵੱਧ ਦੇਸ਼ਾਂ ਲਈ ਬਿਨਾਂ ਵੀਜ਼ਾ ਅਤੇ ਪਹੁੰਚਣ 'ਤੇ ਵੀਜ਼ਾ ਮਿਲਣ ਦੀ ਸੁਵਿਧਾ ਮਿਲਦੀ ਹੈ। 

ਉੱਥੇ ਹੀ, ਇਸ ਸੂਚੀ 'ਚ ਸਭ ਤੋਂ ਹੇਠਾਂ ਦੇ ਪੰਜ ਦੇਸ਼ ਅਫਗਾਨਿਸਤਾਨ, ਪਾਕਿਸਤਾਨ, ਇਰਾਕ, ਸੀਰੀਆ ਅਤੇ ਸੋਮਾਲੀਆ ਹਨ। ਭਾਰਤ ਨੇ ਆਪਣੇ ਗੁਆਂਢੀ ਦੇਸ਼ ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਭੂਟਾਨ, ਮਿਆਂਮਾਰ ਅਤੇ ਪਾਕਿਸਤਾਨ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ।