ਦੁਨੀਆਂ ਦੀ ਸੱਭ ਤੋਂ ਭਾਰੀ ਔਰਤ ਦੀ ਮੌਤ

ਖ਼ਬਰਾਂ, ਕੌਮਾਂਤਰੀ



ਆਬੂ ਧਾਬੀ, 25 ਸਤੰਬਰ : ਦੁਨੀਆਂ ਦੀ ਸੱਭ ਤੋਂ ਭਾਰੀ ਔਰਤ ਇਮਾਨ ਅਹਿਮਦ ਅਬਦੁਲਾਤੀ ਦੀ ਸੋਮਵਾਰ ਤੜਕੇ ਆਬੂ ਧਾਬੀ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਉਸ ਨੂੰ ਬੇਰਿਯਾਟ੍ਰਿਕ ਸਰਜਰੀ ਲਈ ਇਸੇ ਸਾਲ ਫ਼ਰਵਰੀ 'ਚ ਮਿਸਰ ਤੋਂ ਮੁੰਬਈ ਲਿਆਇਆ ਗਿਆ ਸੀ। ਇਮਾਨ ਦੀ ਮੌਤ ਕਿਡਨੀ ਫੇਲ ਅਤੇ ਅੰਤੜੀਆਂ 'ਚ ਜ਼ਖ਼ਮ ਕਾਰਨ ਹੋਈ ਹੈ। ਇਸ ਦੇ ਨਾਲ ਸੱਭ ਤੋਂ ਵਜ਼ਨੀ ਔਰਤ ਦਾ ਖ਼ਿਤਾਬ ਅਮਰੀਕਾ ਦੇ ਨਿਊ ਜਰਸੀ ਦੀ ਰਹਿਣ ਵਾਲੀ ਡੋਨਾ ਸਿੰਪਸਨ ਦੇ ਨਾਂ ਹੋ ਗਿਆ ਹੈ। 273 ਕਿਲੋ ਦੀ ਡੋਨਾ ਦਾ ਨਾਂ ਦੁਨੀਆਂ ਦੀ ਸੱਭ ਤੋਂ ਭਾਰੀ ਮਾਂ ਵਜੋਂ ਗਿੰਨੀਜ਼ ਬੁਕ ਆਫ਼ ਰੀਕਾਰਡ 'ਚ ਦਰਜ ਹੈ।
ਆਬੂ ਧਾਬੀ ਦੇ ਬੁਰਜ਼ਿਲ ਹਸਪਤਾਲ ਮੁਤਾਬਕ ਇਮਾਨ ਦੀ ਮੌਤ ਸੋਮਵਾਰ ਸਵੇਰੇ 4:35 ਵਜੇ ਹੋਈ। ਇਮਾਨ ਦੇ ਗੁਰਦੇ ਕੰਮ ਨਹੀਂ ਕਰ ਰਹੇ ਸਨ। ਨਾਲ ਹੀ ਉਸ ਨੂੰ ਦਿਲ ਦੀ ਬੀਮਾਰੀ ਵੀ ਹੋ ਗਈ ਸੀ। ਹਸਪਤਾਲ ਦੀ ਡਾ. ਨਾਹਿਦ ਹਾਲਵਾ ਮੁਤਾਬਕ 20 ਡਾਕਟਰਾਂ ਦੀ ਟੀਮ ਇਮਾਨ ਦਾ ਇਲਾਜ ਕਰ ਰਹੀ ਸੀ। ਐਤਵਾਰ ਨੂੰ ਇਮਾਨ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ। ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਇਮਾਨ ਨੂੰ ਆਈ.ਸੀ.ਯੂ. 'ਚ ਸ਼ਿਫ਼ਟ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਦੋਂ ਇਮਾਨ ਅਹਿਮਦ ਮੁੰਬਈ ਆਈ ਸੀ ਤਾਂ ਉਸ ਦਾ ਵਜ਼ਨ 500 ਕਿਲੋਗ੍ਰਾਮ ਤੋਂ ਵੱਧ ਸੀ। ਮੁੰਬਈ ਦੇ ਸੈਫੀ ਹਸਪਤਾਲ ਨੇ ਇਮਾਨ ਦੀ ਮੁਫ਼ਤ ਸਰਜਰੀ ਕਰ ਕੇ ਉਸ ਦਾ ਵਜ਼ਨ 300 ਕਿਲੋਗ੍ਰਾਮ ਕਰ ਦਿਤਾ ਸੀ। ਮੁੰਬਈ 'ਚ ਤਿੰਨ ਮਹੀਨੇ ਤਕ ਰਹਿਣ ਤੋਂ ਬਾਅਦ ਉਸ ਨੂੰ ਅੱਗੇ ਇਲਾਜ ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਵੀ.ਪੀ.ਐਸ. ਹੈਲਥਕੇਅਰ ਬੁਰਜ਼ੀਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਮਾਨ 4 ਮਈ ਨੂੰ ਯੂ.ਏ.ਈ. ਪੁੱਜੀ ਸੀ। (ਪੀਟੀਆਈ)