ਹਾਫ਼ਿਜ਼ ਸਈਦ ਨੇ ਪਾਕਿ ਵਿਦੇਸ਼ ਮੰਤਰੀ 'ਤੇ ਮਾਣਹਾਨੀ ਦਾ ਦਾਅਵਾ ਕੀਤਾ

ਖ਼ਬਰਾਂ, ਕੌਮਾਂਤਰੀ



ਲਾਹੌਰ, 1 ਅਕਤੂਬਰ : ਮੁੰਬਈ 'ਚ ਹੋਏ ਅਤਿਵਾਦੀ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਹਾਫ਼ਿਜ਼ ਸਈਦ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ 'ਤੇ 10 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।
ਨਿਊਯਾਰਕ 'ਚ ਮੰਗਲਵਾਰ ਨੂੰ ਏਸ਼ੀਆ ਸੁਸਾਇਟੀ ਫੋਰਮ ਨੂੰ ਸੰਬੋਧਤ ਕਰਨ ਸਮੇਂ ਖਵਾਜ਼ਾ ਆਸਿਫ ਨੇ ਹਾਫ਼ਿਜ਼ ਸਈਦ ਨੂੰ 'ਅਮਰੀਕਾ ਦਾ ਡਾਰਲਿੰਗ' ਕਿਹਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਈਦ, ਹੱਕਾਨੀ ਅਤੇ ਲਸ਼ਕਰ-ਏ-ਤੋਇਬਾ ਦੇਸ਼ 'ਚ ਅਤਿਵਾਦ ਫ਼ੈਲਾਉਣ ਲਈ ਜ਼ਿੰਮੇਵਾਰ ਹਨ। ਸਈਦ ਦੇ ਵਕੀਲ ਏ.ਕੇ. ਡੋਗਰ ਨੇ ਵਿਦੇਸ਼ ਮੰਤਰੀ ਨੂੰ ਨੋਟਿਸ ਭੇਜਿਆ।
ਆਸਿਫ ਨੇ ਬੀਤੇ ਮੰਗਲਵਾਰ ਨੂੰ ਹੱਕਾਨੀ ਨੈਟਵਰਕ ਅਤੇ ਲਸ਼ਕਰ-ਏ-ਤੋਇਬਾ ਨੂੰ ਅਪਣੇ ਦੇਸ਼ ਲਈ ਬੋਝ ਕਰਾਰ ਦਿਤਾ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਅੱਜ ਜਿਨ੍ਹਾਂ ਅਤਿਵਾਦੀ ਸੰਗਠਨਾਂ 'ਤੇ ਕਾਰਵਾਈ ਲਈ ਦਬਾਅ ਬਣਾ ਰਿਹਾ ਹੈ, ਉਹ ਅੱਜ ਤੋਂ 20-30 ਸਾਲ ਪਹਿਲਾਂ ਤਕ ਇਨ੍ਹਾਂ ਸੰਗਠਨਾਂ ਨਾਲ 'ਡਾਰਲਿੰਗ' ਵਰਗਾ ਵਿਵਹਾਰ ਕਰਦਾ ਸੀ।
ਪਾਕਿ ਵਿਦੇਸ਼ ਮੰਤਰੀ ਨੂੰ ਭੇਜੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਹਾਫ਼ਿਜ਼ ਇਕ ਦੇਸ਼ ਭਗਤ ਇਸਲਾਮ ਤੋਂ ਪਿਆਰ ਕਰਨ ਵਾਲੇ ਮੁਸਲਿਮ ਹਨ। ਅਜਿਹੇ 'ਚ ਵਿਦੇਸ਼ ਮੰਤਰੀ ਦਾ ਬਿਆਨ ਮਾਣਹਾਨੀ ਵਾਲਾ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਪਿਨਲ ਕੋਡ ਦੇ ਸੈਕਸ਼ਨ 500 ਤਹਿਤ 5 ਸਾਲ ਦੀ ਜੇਲ ਅਤੇ ਜੁਰਮਾਨਾ ਭੁਗਤਣਾ ਪੈ ਸਕਦਾ ਹੈ। ਹਾਫ਼ਿਜ਼ ਦੇ ਵਕੀਲ ਮੁਤਾਬਕ ਇਸ ਬਿਆਨ ਤੋਂ ਸਈਦ ਦੀ ਇੱਜਤ ਨੂੰ ਨੁਕਸਾਨ ਪੁੱਜਾ ਹੈ। ਇਸੇ ਲਈ ਇਹ 14 ਦਿਨਾਂ ਨੋਟਿਸ ਵਿਦੇਸ਼ ਮੰਤਰੀ ਨੂੰ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪਾਕਿਸਤਾਨ ਵਲੋਂ ਅਤਿਵਾਦੀਆਂ ਦੇ ਸੰਗਠਨ ਨੂੰ ਸਮਰਥਨ ਦੇਣ ਦੀ ਨਿਖੇਧੀ ਕੀਤੀ ਸੀ। ਟਰੰਪ ਨੇ ਕਿਹਾ ਕਿ ਪਾਕਿਸਤਾਨ ਕਰੋੜਾਂ ਰੁਪਏ ਦੀ ਮਦਦ ਲੈ ਰਿਹਾ ਹੈ, ਪਰ ਉਸ ਨੇ ਅਤਿਵਾਦੀਆਂ ਨੂੰ ਮਦਦ ਕਰਨੀ ਜਾਰੀ ਰੱਖੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਜਮਾਤ-ਉਲ-ਦਾਵਾ ਨੂੰ ਜੂਨ 2014 'ਚ ਹੀ ਅਤਿਵਾਦੀ ਸੰਗਠਨ ਐਲਾਨ ਚੁੱਕਾ ਹੈ। ਹਾਫ਼ਿਜ਼ ਦੀ ਗ੍ਰਿਫ਼ਤਾਰੀ 'ਤੇ 1 ਕਰੋੜ ਡਾਲਰ ਦਾ ਇਨਾਮ ਵੀ ਹੈ। (ਪੀਟੀਆਈ)