'ਹਾਰਵੇ' ਤੋਂ ਬਾਅਦ ਅਮਰੀਕਾ 'ਚ 'ਇਰਮਾ' ਤੂਫ਼ਾਨ ਨੇ ਦਿਤੀ ਦਸਤਕ

ਖ਼ਬਰਾਂ, ਕੌਮਾਂਤਰੀ

ਸੇਨ ਜੁਆਨ, 5 ਸਤੰਬਰ : ਅਮਰੀਕਾ ਦੇ ਟੈਕਸਾਸ ਵਿਚ ਆਏ 'ਹਾਰਵੇ' ਚੱਕਰਵਾਤ ਮਗਰੋਂ ਹੁਣ ਉੱਤਰੀ-ਪੂਰਬੀ ਕੈਰੀਬੀਅਨ ਨੇੜੇ ਮੌਜੂਦ ਅਧਿਕਾਰੀਆਂ ਨੇ ਚੱਕਰਵਾਤ 'ਇਰਮਾ' ਦੇ ਮੰਗਲਵਾਰ ਨੂੰ ਇਥੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਹਵਾਈ ਉਡਾਨਾਂ ਨੂੰ ਰੱਦ ਕਰਨ, ਸਕੂਲਾਂ ਨੂੰ ਬੰਦ ਕਰਨ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਨਿਰਦੇਸ਼ ਦਿਤੇ ਹਨ।
'ਇਰਮਾ' ਚੱਕਰਵਾਤ ਸ਼੍ਰੇਣੀ ਚਾਰ ਦੇ ਤੇਜ਼ ਤੂਫ਼ਾਨ ਵਿਚ ਤਬਦੀਲ ਹੋ ਕੇ ਤੇਜ਼ ਗਤੀ ਨਾਲ ਇਸ ਖੇਤਰ ਵਿਚ ਪਹੁੰਚ ਰਿਹਾ ਹੈ। ਪਿਊਰਤੋ ਰਿਕੋ, ਯੂ.ਐਸ. ਵਰਜ਼ਿਨ ਆਈਲੈਂਡ ਅਤੇ ਪੂਰੇ ਫਲੋਰਿਡਾ ਵਿਚ ਆਪਾਤਕਾਲੀਨ ਸਥਿਤੀ ਦਾ ਐਲਾਨ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਕੈਰੀਬੀਅਨ ਟਾਪੂਆਂ 'ਤੇ ਮੌਜੂਦ ਲੋਕਾਂ ਲਈ ਚਿਤਾਵਨੀ ਜਾਰੀ ਕਰ ਦਿਤੀ ਗਈ ਹੈ।
ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਨੇ ਦਸਿਆ ਕਿ ਕੱਲ੍ਹ ਰਾਤ ਤੋਂ 'ਇਰਮਾ' ਦੀਆਂ ਲਗਾਤਾਰ ਚੱਲਣ ਵਾਲੀਆਂ ਹਵਾਵਾਂ 220 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲ ਰਹੀਆਂ ਸਨ। ਲੀਵਾਰਡ ਟਾਪੂ ਤੋਂ 660 ਕਿਲੋਮੀਟਰ ਪੂਰਬ ਵਿਚ ਇਸ ਦਾ ਕੇਂਦਰ ਹੈ ਅਤੇ ਇਹ 20 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਪੱਛਮ ਵੱਲ ਵੱਧ ਰਿਹਾ ਹੈ।
ਅਧਿਕਾਰੀਆਂ ਨੇ ਚਿਤਾਵਨੀ ਦਿਤੀ ਹੈ ਕਿ ਇਸ ਤੂਫ਼ਾਨ ਕਾਰਨ 25 ਸੈਂਟੀਮੀਟਰ ਮੀਂਹ ਪੈ ਸਕਦਾ ਹੈ, ਜਿਸ ਨਾਲ ਜ਼ਮੀਨ ਖਿਸਕ ਸਕਦੀ ਹੈ ਅਤੇ ਹੜ੍ਹ ਆ ਸਕਦਾ ਹੈ। (ਪੀਟੀਆਈ)