ਗੁਆਂਢੀ ਮੁਲਕ ਪਾਕਿਸਤਾਨ ਨਾਲ ਭਾਰਤ ਦੇ ਸੰਬੰਧ ਹਮੇਸ਼ਾ ਇੱਕ ਸੁਪਨਾ ਹੀ ਬਣ ਕੇ ਰਹੇ ਹਨ ਜਿਹੜਾ ਕਦੀ ਸਾਕਾਰ ਹੁੰਦਾ ਨਜ਼ਰ ਵੀ ਨਹੀਂ ਆਇਆ। ਪਾਕਿਸਤਾਨ ਦੇ ਅਖ਼ਬਾਰ ਪਾਕਿਸਤਾਨ ਆਬਜ਼ਰਵਰ ਵਿੱਚ ਰੀਮਾ ਸ਼ੌਕਤ ਦਾ ਲੇਖ ਛਪਿਆ ਹੈ ਜਿਸ ਵਿੱਚ ਉਹਨਾਂ ਸਿੱਖ, ਖਾਲਿਸਤਾਨ ਅੰਦੋਲਨ ਅਤੇ ਕਈ ਹੋਰ ਪਹਿਲੂਆਂ 'ਤੇ ਵਿਚਾਰ ਰੱਖੇ ਹਨ।
ਮੁਸਲਮਾਨਾਂ ਨੂੰ ਵੱਖਰਾ ਮੁਲਕ ਮਿਲਣ ਦੀ ਗੱਲ ਕਰਦੇ ਰੀਮਾ ਨੇ ਸਿੱਖ ਅਤੇ ਹੋਰਨਾਂ ਘੱਟ ਗਿਣਤੀਆਂ ਨੂੰ ਅਸੁਰੱਖਿਅਤ ਅਤੇ ਧਾਰਮਿਕ ਕੱਟੜਵਾਦ 'ਚੋਂ ਪੈਦਾ ਹੋਈ ਕੱਟੜਪੰਥੀ ਗੁੰਡਾਗਰਦੀ ਦੇ 'ਸ਼ਿਕਾਰ' ਦੱਸਿਆ ਹੈ। ਮੁਸਲਿਮ ਅਤੇ ਈਸਾਈਆਂ ਤੋਂ ਬਾਅਦ ਰੀਮਾ ਨੇ ਸਿੱਖਾਂ ਨੂੰ ਅਸੁਰੱਖਿਅਤ ਦੱਸਿਆ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਿੱਖ ਰਾਜ ਦਾ ਹਵਾਲਾ ਦਿੰਦੇ ਹੋਏ ਰੀਮਾ ਨੇ ਸਿੱਖਾਂ ਨੂੰ ਸਮਾਜਿਕ,ਧਾਰਮਿਕ ਅਤੇ ਮਨੁੱਖੀ ਹੱਕਾਂ ਲਈ ਸੰਘਰਸ਼ ਕਰਦੇ ਹੋਏ ਦੱਸਿਆ ਹੈ ਅਤੇ ਇਸ ਵਿੱਚ ਇਹ ਵਿਤਕਰਾ ਅਤੇ ਤਸ਼ੱਦਦ ਹੀ ਖਾਲਿਸਤਾਨ ਦੀ ਮੰਗ ਦਾ ਆਧਾਰ ਦਰਸਾਇਆ ਗਿਆ ਹੈ।
ਰੀਮਾ ਨੇ ਧਾਰਮਿਕ ਵਖਰੇਵਿਆਂ ਦਾ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਇਹ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਮਤਭੇਦ ਦਾ ਕਾਰਨ ਬਣਦੇ ਹਨ। ਅੱਗੇ ਇਸ ਵਿੱਚ ਆਨੰਦ ਮੈਰਿਜ ਐਕਟ, ਆਪ੍ਰੇਸ਼ਨ ਬਲੂ ਸਟਾਰ ਅਤੇ ਦਿੱਲੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਕੀਤਾ ਗਿਆ ਹੈ।
ਇਹ ਰੀਮਾ ਦੇ ਨਿਜੀ ਵਿਚਾਰ ਹੋ ਸਕਦੇ ਹਨ ਪਰ ਇਸ ਬਾਰੇ ਕਈ ਹੋਰ ਪੱਖ ਵਿਚਾਰਨਯੋਗ ਹਨ। ਰੀਮਾ ਨੇ ਸਿੱਖਾਂ ਨੂੰ ਭਾਰਤ ਵਿਚ ਅਸੁਰੱਖਿਅਤ ਕਿਹਾ ਹੈ ਪਰ ਕੀ ਪਾਕਿਸਤਾਨ ਵਿੱਚ ਵਸਦੇ ਸਿੱਖ ਸੁਰੱਖਿਅਤ ਮਹਿਸੂਸ ਕਰ ਰਹੇ ਹਨ ? ਯਕੀਨਨ ਨਹੀਂ। ਪਾਕਿਸਤਾਨ ਵਸਦੇ ਸਿੱਖਾਂ ਨਾਲ ਜ਼ਬਰੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਤਾਜ਼ੀਆਂ ਹੀ ਹਨ। ਧਾਰਮਿਕ, ਆਰਥਿਕ ਅਤੇ ਸਮਾਜਿਕ ਸੁਰੱਖਿਆ ਲਈ ਪਾਕਿਸਤਾਨੀ ਸਿੱਖਾਂ ਦਾ ਸੰਘਰਸ਼ ਵੀ ਨਿਰੰਤਰ ਹੀ ਹੈ।
ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿਸਨੇ ਇਸ ਕਾਰਨ ਅਨੇਕਾਂ ਵਾਰ ਅਜਿਹਾ ਹੋਣ ਦਾ ਖਮਿਆਜ਼ਾ ਭੁਗਤਿਆ ਹੈ। ਭਾਰਤ ਅਤੇ ਪੰਜਾਬ ਦੀ ਧਰਤੀ ਸਿੱਖਾਂ ਦੀ ਜਨਮ ਦਾਤੀ ਹੈ। ਸਿੱਖਾਂ ਕੋਲ ਆਪਣੇ ਹੱਕ ਲੈਣ ਦੀ ਸੰਵਿਧਾਨਿਕ ਆਜ਼ਾਦੀ ਵੀ ਹੈ ਅਤੇ ਕਾਨੂੰਨੀ ਅਧਿਕਾਰ ਵੀ। ਲੁਕਵੇਂ ਸ਼ਬਦਾਂ ਵਿੱਚ ਖਾਲਿਸਤਾਨ ਨੂੰ ਸਹੀ ਸਾਬਿਤ ਕਰਨਾ ਕਿਸੇ ਕੀਮਤ 'ਤੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਕੋਈ ਭਾਰਤ ਵਾਸੀ ਕਹੇ ਅਤੇ ਚਾਹੇ ਕਿਸੇ ਹੋਰ ਮੁਲਕ ਦਾ ਬਾਸ਼ਿੰਦਾ। ਪੰਜਾਬ ਕੋਲ ਭਵਿੱਖ ਲਈ ਬਹੁਤ ਕੁਝ ਕਰਨ ਵਾਲਾ ਹੈ ਅਤੇ ਇਸਦਾ ਮਾਹੌਲ ਖਰਾਬ ਹੋਣ ਤੋਂ ਬਚਾਇਆ ਜਾਣਾ ਬਹੁਤ ਜ਼ਰੂਰੀ ਹੈ।