ਵਾਸ਼ਿੰਗਟਨ (ਬਲਦੀਪ ਸਿੰਘ ਕੰਗ) : ਅਮਰੀਕਾ ਵਿੱਚ ਭਾਰਤੀ ਮੂਲ ਦੀ ਵਰਜੀਨੀਆ ਵਿਖੇ ਪੜ੍ਹ ਰਹੀ ਹਾਈ ਸਕੂਲ ਦੀ 16 ਵਰ੍ਹਿਆਂ ਦੀ ਵਿਦਿਆਰਥਣ ਕਾਵਯਾ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਇਕ ਮੋਬਾਈਲ ਐਪਲੀਕੇਸ਼ਨ ਤਿਆਰ ਕਰ ਲਈ ਹੈ ਜੋ ਕਿ ਡਾਇਬਟੀਜ਼ ਨਾਲ ਹੋਣ ਵਾਲੀ ਅੱਖਾਂ ਦੀ ਬਿਮਾਰੀ ਡਾਇਬਟਿਕ ਰੈਟੀਨੋਪੈਥੀ ਦਾ ਸਮੇਂ ਰਹਿੰਦੇ ਹੀ ਪਤਾ ਲਗਾ ਲੈਂਦੀ ਹੈ।
ਜ਼ਿਕਰਯੋਗ ਹੈ ਕੇ ਦੁਨੀਆ ਭਰ ਵਿੱਚ ਲਗਭਗ 371 ਮਿਲੀਅਨ ਲੋਕ ਡਾਇਬਟੀਜ਼ ਦੇ ਮਰੀਜ਼ ਹਨ, ਜਿਨ੍ਹਾਂ ਵਿੱਚੋਂ ਇੱਕ ਵੱਡੀ ਗਿਣਤੀ ਡਾਇਬਟਿਕ ਰੈਟੀਨੋਪੈਥੀ ਦੇ ਮਰੀਜ਼ਾਂ ਦੀ ਹੈ।
ਜੇਕਰ ਡਾਇਬਟਿਕ ਰੈਟੀਨੋਪੈਥੀ ਦਾ ਸਮੇਂ ਰਹਿੰਦੇ ਪਤਾ ਨਾ ਲੱਗੇ ਤਾਂ ਇਸ ਨਾਲ ਅੱਖਾਂ ਦੀ ਨਿਗ੍ਹਾ ਵੀ ਚਲੀ ਜਾਂਦੀ ਹੈ, ਅਤੇ ਬਹੁਤੇ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਹ ਬਿਮਾਰੀ ਕਦੋਂ ਹੋ ਜਾਂਦੀ ਹੈ, ਉਨ੍ਹਾਂ ਨੂੰ ਇਸ ਦਾ ਪਤਾ ਹੀ ਨੀ ਚੱਲ ਪਾਉਂਦਾ, ਜਿਸ ਕਰਕੇ ਕਈ ਵਾਰ ਉਹ ਆਪਣੀ ਨਿਗ੍ਹਾ ਵੀ ਗਵਾ ਬੈਠਦੇ ਹਨ। ਡਾਇਬਟਿਕ ਰੈਟੀਨੋਪੈਥੀ ਦਾ ਪਤਾ ਲਗਾਉਣ ਵਾਲੇ ਇਸ ਐਪ ਦਾ ਨਾਂ ''ਆਈਗਨੋਸਿਸ'' ਹੈ।
ਇਹ ਐਪ ਇੱਕ 3 ਡੀ ਪ੍ਰਿੰਟਡ ਲੈਂਸ ਨਾਲ ਕੰਮ ਕਰਦਾ ਹੈ ਅਤੇ ਇਹ ਲੈਂਸ ਵੀ ਕਾਵਯਾ ਵੱਲੋਂ ਹੀ ਤਿਆਰ ਕੀਤਾ ਗਿਆ ਹੈ। ਪਹਿਲਾਂ ਇਸ ਲੈਂਸ ਨੂੰ ਮੋਬਾਈਲ ਦੇ ਕੈਮਰੇ ਅੱਗੇ ਲਗਾਇਆ ਜਾਂਦਾ ਹੈ ਅਤੇ ਫੇਰ ਇਸ ਦੁਆਰਾ ਮਨੁੱਖੀ ਅੱਖਾਂ ਦੀ ਤਸਵੀਰ ਲਈ ਜਾਂਦੀ ਹੈ, ਜਿਸ ਨੂੰ ਐਪ ਵਿੱਚ ਪਾ ਕੇ ਇਸ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ।
ਇਸ ਐਪ ਦੀ ਅਰਟੀਫਿਸ਼ਲ ਇੰਟੈਲੀਜੈਂਸੀ ਨੂੰ ਪੁਖ਼ਤਾ ਬਣਾਉਣ ਲਈ ਪਹਿਲਾਂ ਪ੍ਰੀਖਣ ਵਜੋਂ 34000 ਸਕੈਨ ਕੀਤੇ ਗਏ। ਇਸ ਐਪ ਨੂੰ ਮੁੰਬਈ ਸਥਿਤ ਹਸਪਤਾਲ ਵਿਖੇ 5 ਮਰੀਜ਼ਾਂ ਉੱਪਰ ਪਰਖਿਆ ਗਿਆ ਅਤੇ ਇਸ ਦਾ ਨਤੀਜਾ 100% ਰਿਹਾ ਹੈ। ਡਾਇਬਟਿਕ ਰੈਟੀਨੋਪੈਥੀ ਦਾ ਪਤਾ ਲਗਾਉਣ ਦਾ ਨਾ ਕੇਵਲ ਇਹ ਸਸਤਾ ਤਰੀਕਾ ਹੈ ਬਲਕਿ ਇਸ ਨਾਲ ਡਾਕਟਰ ਅਤੇ ਮਰੀਜ਼ਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।