ਬੀਜਿੰਗ : ਚੀਨ ਦੀ ਸੰਸਦ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਲਈ ਮਹਿਜ਼ ਦੋ ਕਾਰਜਕਾਲ ਦੀ ਜ਼ਰੂਰਤ ਨੂੰ ਦੋ ਤਿਹਾਈ ਬਹੁਮਤ ਨਾਲ ਖ਼ਤਮ ਕਰ ਦਿੱਤਾ ਹੈ, ਜਿਸ ਨਾਲ ਮੌਜੂਦਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸਾਲ 2023 ਤੋਂ ਬਾਅਦ ਵੀ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ। ਚੀਨੀ ਸਰਕਾਰ ਦਾ ਇਹ ਫ਼ੈਸਲਾ ਸਾਰਿਆਂ ਦੇ ਲਈ ਹੈਰਾਨ ਕਰਨ ਵਾਲਾ ਰਿਹਾ। ਹਾਲਾਂਕਿ ਇਸ ਦਾ ਇਸ਼ਾਰਾ ਕਮਿਊਨਿਸਟ ਪਾਰਟੀ ਦੇ 19ਵੀਂ ਕਾਂਗਰਸ ਵਿਚ ਮਿਲ ਗਿਆ ਸੀ, ਜਦੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਉਨ੍ਹਾਂ ਦੇ ਦੂਜੇ ਕਾਰਜਕਾਲ ਦੇ ਲਈ ਜ਼ਬਰਦਸਤ ਸਮਰਥਨ ਮਿਲਿਆ ਸੀ, ਉਸ ਸਮੇਂ ਉਨ੍ਹਾਂ ਨੇ ਪਾਰਟੀ ਮੁਖੀ ਦੇ ਰੂਪ ਵਿਚ ਇੱਕ ਮੈਰਾਥਨ ਭਾਸ਼ਣ ਦਿੱਤਾ ਸੀ ਜੋ ਕਿ ਕਰੀਬ ਸਾਢੇ ਤਿੰਨ ਘੰਟੇ ਦਾ ਸੀ।
ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ ਦੀ ਰਾਜਨੀਤੀ ਵਿਚ ਇਕ ਪ੍ਰਭਾਵਸ਼ਾਲੀ ਚਿਹਰਾ ਬਣ ਚੁਕੇ ਹਨ। ਉਨ੍ਹਾਂ ਦੇ ਨਾਲ ਪਾਰਟੀ ਦੇ ਧੜਿਆਂ ਦੀ ਵਫ਼ਾਦਾਰੀ ਦੇ ਨਾਲ ਫ਼ੌਜ ਅਤੇ ਵਪਾਰੀ ਵਰਗ ਹੈ। ਇਨ੍ਹਾਂ ਦੀ ਵਜ੍ਹਾ ਨਾਲ ਉਹ ਚੀਨ ਦੇ ਕ੍ਰਾਂਤੀਕਾਰੀ ਸੰਸਥਾਪਕ ਮਾਓਤਸੇ ਤੁੰਗ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਨੇਤਾ ਮੰਨੇ ਜਾਣ ਲੱਗੇ ਹਨ। ਸ਼ੀ ਜਿਨਪਿੰਗ ਦੀਆਂ ਤਸਵੀਰਾਂ ਦੇ ਹੋਰਡਿੰਗਜ਼ ਪੂਰੇ ਚੀਨ ਵਿਚ ਦੇਖੇ ਜਾ ਰਹੇ ਹਨ ਅਤੇ ਸਰਕਾਰ ਗੀਤਾਂ ਵਿਚ ਉਨ੍ਹਾਂ ਦੇ ਅਧਿਕਾਰਕ ਛੋਟੇ ਨਾਮ 'ਪਾਪਾ ਸ਼ੀ' ਦੀ ਵਰਤੋਂ ਹੋਣੀ ਵੀ ਹੁਣ ਆਮ ਗੱਲ ਹੋ ਗਈ ਹੈ।
ਹਾਲ ਹੀ ਵਿਚ ਕਈ ਮਾਹਿਰਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਧਦੇ ਕੱਦ ਦੀ ਤੁਲਨਾ ਮਾਓ ਅਤੇ ਡੇਂਗ ਨਾਲ ਕੀਤੀ ਹੈ ਪਰ ਮਾਓ ਅਤੇ ਡੇਂਗ ਨੇ ਆਪਣਾ ਜੀਵਨ ਕਈ ਦਹਾਕਿਆਂ ਤਕ ਸੰਘਰਸ਼ ਅਤੇ ਯੁੱਧਾਂ ਵਿਚ ਗੁਜ਼ਾਰਿਆ ਹੈ। ਯੁੱਧਾਂ ਦੇ ਜ਼ਰੀਏ ਆਪਣੀ ਵਫ਼ਾਦਾਰੀ ਤੈਅ ਕੀਤੀ। ਉਨ੍ਹਾਂ ਨੇ ਚੀਨ ਦੇ ਕਈ ਬਲੀਦਾਨ ਦਿੱਤੇ ਹਨ। ਇਸ ਦੇ ਉਲਟ ਸ਼ੀ ਨੇ ਅਪਣੀ ਸ਼ੁਰੂਆਤ ਪੰਜ ਸਾਲਾਂ ਦੇ ਕਾਰਜਕਾਲ ਵਿਚ ਅਪਣਾ ਖ਼ੁਦ ਦਾ ਕੱਦ ਅਤੇ ਦਬਦਬਾ ਵਧਾਉਣ 'ਤੇ ਜ਼ੋਰ ਦਿੱਤਾ ਹੈ ਅਤੇ ਆਪਣੇ ਰਾਜਨੀਤਕ ਦੁਸ਼ਮਣਾਂ ਨੂੰ ਕਿਨਾਰੇ ਲਗਾਉਣ ਦਾ ਕੰਮ ਕੀਤਾ ਹੈ। ਅਜਿਹੇ ਵਿਚ ਸ਼ੀ ਦੇ ਸਾਹਮਣੇ ਅਜੇ ਵੀ ਚੀਨ ਦੀ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਦੇ ਨਾਲ ਹੀ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਨੂੰ ਲੈ ਕੇ ਵੱਡੀ ਚੁਣੌਤੀ ਹੈ।