ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਫਸੇ ਯਾਤਰੀ

ਖ਼ਬਰਾਂ, ਕੌਮਾਂਤਰੀ

ਬਾਲੀ: ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਤੋਂ ਬਾਅਦ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇੰਡੋਨੇਸ਼ੀਆ ਵਿਚ ਹਜ਼ਾਰਾਂ ਦੀ ਗਿਣਤੀ 'ਚ ਸੈਲਾਨੀ ਫਸੇ ਹੋਏ ਹਨ। ਬਾਲੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਹੈ ਅਤੇ ਤਕਰੀਬਨ 445 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉੱਥੇ ਯਾਤਰੀ ਫਸੇ ਹੋਏ ਹਨ। ਇੱਥੇ ਫਸੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੈਸੇ ਖਤਮ ਹੋ ਗਏ ਹਨ। 

ਇੱਥੇ ਮਹਿੰਗਾਈ ਆਸਮਾਨ 'ਤੇ ਪਹੁੰਚ ਗਈ ਹੈ। ਵਿਦੇਸ਼ ਮੰਤਰਾਲੇ ਦੀ ਹੈਲਪਲਾਈਨ ਤੋਂ ਵੀ ਕੋਈ ਮਦਦ ਨਹੀਂ ਮਿਲ ਰਹੀ ਹੈ। ਵੱਧ ਭੀੜ ਕਾਰਨ ਹੋਟਲ ਤੋਂ ਲੈ ਕੇ ਹਸਪਤਾਲ ਤੱਕ ਸਭ ਭਰੇ ਹੋਏ ਹਨ। ਲੋਕਾਂ ਨੂੰ ਰਹਿਣ ਦਾ ਟਿਕਾਣਾ ਨਹੀਂ ਮਿਲ ਰਿਹਾ। 

ਯਾਤਰੀਆਂ ਦਾ ਕਹਿਣਾ ਹੈ ਕਿ ਅਜਿਹੇ ਮੌਕਿਆਂ 'ਤੇ ਫਲਾਈਟ ਰੱਦ ਹੋਣ 'ਤੇ ਜਹਾਜ਼ ਕੰਪਨੀਆਂ ਵਲੋਂ ਹੋਟਲਾਂ ਵਿਚ ਫਰੀ ਠਹਿਰਣ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਇੱਥੇ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਜਹਾਜ਼ ਕੰਪਨੀਆਂ ਯਾਤਰੀਆਂ ਨੂੰ ਇਹ ਤੱਕ ਨਹੀਂ ਦੱਸ ਰਹੀਆਂ ਕਿ ਉਡਾਣਾਂ ਕਦੋਂ ਰਵਾਨਾ ਹੋਣਗੀਆਂ। ਪਿਛਲੇ 3 ਦਿਨਾਂ ਤੋਂ ਬਾਲੀ ਹਵਾਈ ਅੱਡਾ ਬੰਦ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਿੰਨੇ ਵੀ ਪੈਸੇ ਸਨ, ਉਹ ਸਭ ਖਰਚ ਹੋ ਚੁੱਕੇ ਹਨ। 

ਦੱਸ ਦੇਈਏ ਕਿ ਬੀਤੇ ਦਿਨੀਂ ਸ਼ਨੀਵਾਰ ਸਥਾਨਕ ਸਮੇਂ ਅਨੁਸਾਰ ਇੰਡੋਨੇਸ਼ੀਆ ਦੇ ਮਸ਼ਹੂਰ ਟਾਪੂ ਮਾਊਂਟ ਅਗੁੰਗ 'ਚ ਜਵਾਲਾਮੁਖੀ ਫਟਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਵਾਲਾਮੁਖੀ ਫਟਣ ਕਾਰਨ ਸੋਮਵਾਰ ਨੂੰ ਬਾਲੀ ਹਵਾਈ ਅੱਡਾ ਬੰਦ ਹੈ। ਉਡਾਣਾਂ ਰੱਦ ਹੋਣ ਕਾਰਨ ਤਕਰੀਬਨ 59,000 ਯਾਤਰੀ ਫਸੇ ਹੋਏ ਹਨ।