ਇਹਨਾਂ ਦੋਨਾਂ ਨੇ ਦਿੱਤਾ ਦੇਸ਼ ਨੂੰ ਮਾਣ, ਸ਼ਾਮਿਲ ਹੋਏ ਦੁਨੀਆ ਦੇ 50 ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ

ਖ਼ਬਰਾਂ, ਕੌਮਾਂਤਰੀ

ਹਾਲ ਹੀ ਵਿੱਚ ਫਾਰਚੂਨ ਨੇ ਆਪਣੀ ਚੌਥੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਦੁਨੀਆ ਦੇ 50 ਪ੍ਰਭਾਵਸ਼ਾਲੀ ਵਿਅਕਤੀ ਚੁਣੇ ਗਏ ਹਨ ਜੋ ਵੱਖੋ-ਵੱਖ ਖੇਤਰਾਂ ਵਿੱਚ ਆਪਣੇ ਕਾਰਜਾਂ ਦੁਆਰਾ ਦੁਨੀਆ ਲਈ ਮਿਸਾਲ ਪੇਸ਼ ਕਰ ਰਹੇ ਹਨ। ਫ਼ਖਰ ਵਾਲੀ ਗੱਲ ਹੈ ਕਿ ਇਹਨਾਂ 50 ਅੰਤਰ ਰਾਸ਼ਟਰੀ ਸ਼ਖਸੀਅਤਾਂ ਵਿੱਚ ਦੀ ਅਜਿਹੇ ਨਾਂਅ ਵੀ ਸ਼ਾਮਿਲ ਹਨ ਜੋ ਭਾਰਤੀ ਮੂਲ ਦੇ ਹਨ।  


ਇਹਨਾਂ ਵਿੱਚ ਪਹਿਲਾ ਨਾਂਅ ਹੈ ਸਟੇਟ ਬੈਂਕ ਆਫ ਇੰਡੀਆ ਦੀ ਸਾਬਕਾ ਚੇਅਰਮੈਨ ਅਰੁੰਧਤੀ ਭੱਟਾਚਾਰੀਆ। ਸ਼੍ਰੀਮਤੀ ਭੱਟਾਚਾਰੀਆ ਕਲਕੱਤਾ ਦੇ ਇਕ ਬੰਗਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਸਟੇਟ ਬੈਂਕ ਆਫ ਇੰਡੀਆ ਦੀ ਚੇਅਰਮੈਨ ਬਣਨ ਵਾਲੀ ਉਹ ਪਹਿਲੀ ਮਹਿਲਾ ਅਧਿਕਾਰੀ ਹਨ। 22 ਸਾਲਾਂ ਦੀ ਉਮਰ 'ਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਸ਼੍ਰੀਮਤੀ ਭੱਟਾਚਾਰੀਆ ਨੂੰ 2016 ਵਿੱਚ ਅਮਰੀਕੀ ਮੈਗਜ਼ੀਨ ਫੋਰਬਜ਼ ਦੁਆਰਾ ਦੁਨੀਆ ਦੀਆਂ 25 ਸ਼ਕਤੀਸ਼ਾਲੀ ਔਰਤਾਂ ਵਿੱਚ ਵੀ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ।  


ਫਾਰਚੂਨ ਦੇ 50 ਵਿਅਕਤੀਆਂ ਦੀ ਲਿਸਟ ਵਿੱਚ ਦੂਜਾ ਨਾਂਅ ਹੈ ਰਾਜ ਪੰਜਾਬੀ। ਜਿਵੇਂ ਕਿ ਨਾਂਅ ਤੋਂ ਹੀ ਜ਼ਾਹਿਰ ਹੈ ਕਿ ਰਾਜ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੈ। ਰਾਜ ਦੇ ਮਾਪੇ ਪੰਜਾਬ ਤੋਂ ਪ੍ਰਵਾਸ ਕਰਕੇ ਪੱਛਮੀ ਅਫ਼ਰੀਕਾ ਵਿੱਚ ਜਾ ਵਸੇ ਸੀ ਅਤੇ ਉਹਨਾਂ ਦਾ ਜਨਮ ਅਫਰੀਕੀ ਦੇਸ਼ ਲਾਈਬੇਰੀਆ ਦੀ ਰਾਜਧਾਨੀ ਮੋਨਰੋਵੀਆ ਵਿਖੇ ਹੋਇਆ। 


ਰਾਜ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਅਮਰੀਕਾ ਵਿੱਚ ਕੀਤੀ। ਆਪਣੇ ਗ਼ੈਰ-ਮੁਨਾਫ਼ਾਕਾਰੀ ਸੰਗਠਨ ਲਾਸਟ ਮਾਇਲ ਹੈਲਥ ਲਈ ਉਹ ਦੁਨੀਆ ਭਰ ਵਿੱਚ ਪ੍ਰਸ਼ੰਸਾ ਖੱਟ ਰਹੇ ਹਨ ਜਿਸ ਰਾਹੀਂ ਉਹ ਦੁਨੀਆ ਭਰ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਮਨੁੱਖੀ ਸੇਵਾ ਅਤੇ ਬਚਾਅ ਕਾਰਜ ਕਰਦੇ ਹਨ।

ਸ਼੍ਰੀਮਤੀ ਅਰੁੰਧਤੀ ਭੱਟਾਚਾਰੀਆ ਜਿੱਥੇ ਨਾਰੀ ਸ਼ਕਤੀ ਦਾ ਪ੍ਰਤੀਕ ਬਣ ਰਹੇ ਹਨ ਉੱਥੇ ਹੀ ਰਾਜ ਪੰਜਾਬੀ ਨੇ ਸਾਬਿਤ ਕੀਤਾ ਹੈ ਕਿ ਪੰਜਾਬੀ ਲੋਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਉਹ ਮਨੁੱਖੀ ਕਦਰਾਂ ਕੀਮਤਾਂ ਤੋਂ ਕਦੀ ਵੀ ਦੂਰ ਨਹੀਂ ਹੁੰਦੇ।