ਇਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਦੁਰਘਟਨਾ 'ਚ ਮੌਤ

ਖ਼ਬਰਾਂ, ਕੌਮਾਂਤਰੀ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਦੇ ਇਲਾਕੇ ਕੁਲ-ਡੀ-ਸਾਕ 'ਚ ਵਾਪਰੀ ਸੜਕ ਦੁਰਘਟਨਾ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। 28 ਸਾਲਾ ਅਵਤਾਰ ਸਿੰਘ ਮੰਗਲਵਾਰ ਸਵੇਰੇ ਵਾਪਰੇ ਇਕ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ।

ਇਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਡੂੰਘੀਆਂ ਸੱਟਾਂ ਕਾਰਨ ਉਹ ਦਮ ਤੋੜ ਗਿਆ। ਉਸ ਦੇ ਭਰਾ (ਕਜ਼ਨ) ਕਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਕੈਨੇਡਾ ਪੁੱਜਾ ਸੀ। ਕਲਵਿੰਦਰ ਨੇ ਕਿਹਾ ਕਿ ਉਹ ਬਹੁਤ ਹੀ ਨੇਕ ਦਿਲ ਇਨਸਾਨ ਸੀ ਅਤੇ ਹਰੇਕ ਨਾਲ ਪਿਆਰ ਨਾਲ ਗੱਲ ਕਰਦਾ ਸੀ। 

ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੇ ਅਵਤਾਰ ਨੂੰ ਟੱਕਰ ਮਾਰੀ ਅਤੇ ਭੱਜ ਗਿਆ। ਇਸ ਹਿੱਟ ਐਂਡ ਰਨ ਮਾਮਲੇ 'ਚ ਪੁਲਿਸ ਪੁੱਛ-ਪੜਤਾਲ ਕਰ ਰਹੀ ਹੈ। ਜਿਸ ਸਮੇਂ ਅਵਤਾਰ ਨਾਲ ਇਹ ਹਾਦਸਾ ਵਾਪਰਿਆ ਉਹ ਬੱਸ ਅੱਡੇ ਵੱਲ ਟਰੈਕਟਰ ਡਰਾਈਵਿੰਗ ਲਾਇੰਸੈਂਸ ਲੈਣ ਜਾ ਰਿਹਾ ਸੀ। ਉਸ ਦੇ ਗੁਆਂਢੀਆਂ ਨੇ ਵੀ ਕਿਹਾ ਕਿ ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਤੇ ਕੁੱਝ ਦਿਨਾਂ 'ਚ ਹੀ ਸਭ ਦਾ ਦੋਸਤ ਬਣ ਗਿਆ ਸੀ।