ਇਰਾਕ 'ਚ 2000 ਤੋਂ ਵੱਧ ਆਈ.ਐਸ. ਅਤਿਵਾਦੀ ਢੇਰ

ਖ਼ਬਰਾਂ, ਕੌਮਾਂਤਰੀ

ਬਗ਼ਦਾਦ, 3 ਸਤੰਬਰ : ਮੋਸੁਲ ਦੇ ਪੱਛਮ 'ਚ ਸਥਿਤ ਤਾਲ ਅਫਾਰ ਖੇਤਰ ਨੂੰ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਵਾਉਣ ਲਈ ਚਲਾਈ ਮੁਹਿੰਮ 'ਚ ਇਰਾਕੀ ਫ਼ੌਜ ਨੇ 2000 ਤੋਂ ਵੱਧ ਆਈ.ਐਸ. ਅਤਿਵਾਦੀਆਂ ਅਤੇ 50 ਤੋਂ ਵੱਧ ਆਤਮਘਾਤੀ ਹਮਲਾਵਰਾਂ ਨੂੰ ਮਾਰ ਮੁਕਾਇਆ।
ਸਮਾਚਾਰ ਏਜੰਸੀ ਸਿੰਹੁਆ ਦੀ ਰੀਪੋਰਟ ਅਨੁਸਾਰ ਜੁਆਇੰਟ ਆਪ੍ਰੇਸ਼ਨ ਕਮਾਂਡ (ਜੇ.ਓ.ਸੀ.) ਦੇ ਲੈਫ਼ਟੀਨੈਂਟ ਜਨਰਲ ਅਬਦੁਲ ਆਮਿਰ ਯਾਰੱਲਾਹ ਨੇ ਇਕ ਪੱਤਰਕਾਰ ਸੰਮੇਲਨ 'ਚ ਦਸਿਆ ਕਿ 20 ਤੋਂ 31 ਅਗੱਸਤ ਦੌਰਾਨ ਬੰਬਾਰੀ 'ਚ 50 ਆਤਮਘਾਤੀ ਹਮਲਾਵਰਾਂ ਸਮੇਤ 2000 ਤੋਂ ਵੱਧ ਅਤਿਵਾਦੀ ਮਾਰੇ ਗਏ। ਇਸ ਦੌਰਾਨ 77 ਕਾਰ ਬੰਬ, 71 ਸ਼ੱਕੀ ਇਮਾਰਤਾਂ ਅਤੇ ਸੜਕਾਂ ਨੇੜੇ ਲੱਗੇ 900 ਬੰਬਾਂ ਨੂੰ ਨਸ਼ਟ ਕੀਤਾ ਗਿਆ।
ਯਾਰੱਲਾਹ ਨੇ ਦਸਿਆ ਕਿ ਇਰਾਕੀ ਫ਼ੌਜ ਦੇ 40 ਹਜ਼ਾਰ ਜਵਾਨਾਂ, ਸੰਘੀ ਪੁਲਿਸ ਅਤੇ ਰੈਪਿਡ ਰਿਸਪਾਂਸ ਫ਼ੋਰਸ ਦੇ ਜਵਾਨਾਂ ਸਮੇਤ ਅਰਧ-ਫ਼ੌਜੀ ਹਸ਼ਦ ਸ਼ਾਬੀ ਨੇ ਵੀ ਮੁਹਿੰਮ 'ਚ ਹਿੱਸਾ ਲਿਆ। ਇਸ ਮੁਹਿੰਮ 'ਚ ਇਰਾਕੀ ਅਤੇ ਕੌਮਾਂਤਰੀ ਗਠਜੋੜ ਨੂੰ ਲੜਾਕੂ ਜਹਾਜ਼ਾਂ ਦਾ ਵੀ ਸਹਿਯੋਗ ਮਿਲਿਆ। ਉਨ੍ਹਾਂ ਦਸਿਆ ਕਿ ਤਾਲ ਅਫਾਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਨੂੰ ਆਜ਼ਾਦ ਕਰਵਾਉਣ ਲਈ 12 ਦਿਨਾਂ ਤਕ ਚਲੀ ਲੜਾਈ 'ਚ 115 ਇਰਾਕੀ ਫ਼ੌਜੀ ਸ਼ਹੀਦ ਹੋਏ ਅਤੇ 679 ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਫ਼ੌਜ ਨੇ ਮੁਹਿੰਮ ਨੇ ਪਹਿਲਾਂ ਤਾਲ ਅਫਾਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਤੋਂ ਲਗਭਗ 40,758 ਲੋਕਾਂ ਨੂੰ ਸੁਰੱਖਿਆ ਬਾਹਰ ਕਢਿਆ।